ਪੰਨਾ:ਅੱਜ ਦੀ ਕਹਾਣੀ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੇ ਇੰਨਾ ਔਖਾ ਨਹੀਂ ਸੀ ਤਾਂ ਆਸਾਨ ਭੀ ਨਹੀਂ ਸੀ। ਕੰਸੋ ਕੀ ਸ਼ਰਮ ਕਰਕੇ ਆਪਣੇ ਦਿਲ ਦੀ ਹਾਲਤ ਆਪਣੇ ਪਿਤਾ ਨੂੰ ਦਸ ਨਹੀਂ ਸੀ ਸਕਦੀ।

ਕੰਵਲ ਦੀਆਂ ਚਿੱਠੀਆਂ ਆਉਣੀਆਂ ਅਜੇ ਭੀ ਜਾਰੀ ਸਨ। ਹਰ ਇਕ ਚਿਠੀ ਵਿਚ ਇਕ ਚਿਠੀ ਪਾਉਣ ਦੀ ਮੰਗ ਤੇ ਤਰਲਾ ਕੀਤਾ ਹੁੰਦਾ ਸੀ, ਕੰਵਲ ਅੱਕ ਗਿਆ, ਕਿਸੇ ਭੀ ਚਿੱਠੀ ਦਾ ਕੋਈ ਜਵਾਬ ਨਹੀਂ। ਕੰਵਲ ਸੋਚਦਾ - "ਕੀ ਕੰਸੋ ਦੀ ਪ੍ਰੀਤ ਉਨ੍ਹਾਂ ਚਸ਼ਮਿਆਂ ਦੇ ਬੁਲਬੁਲਿਆਂ ਵਾਂਗ ਹੀ ਸੀ, ਜਿਨਾਂ ਦੇ ਕੰਢੇ ਤੇ ਬਹਿ ਕੇ ਉਸ ਨੇ ਪਿਆਰ ਦੀ ਕੂਕ ਕੂਕੀ ਸੀ।"

ਕੰਵਲ ਨੇ ਜਿੰਨਾ ਇਸਤ੍ਰੀ ਦਿਲ ਨੂੰ ਸਮਝਿਆ ਸੀ, ਹੁਣ ਉਸ ਨੂੰ ਉਹ ਸਭ ਕੁਝ ਗਲਤ ਜਾਪਿਆ।

ਕੰਵਲ ਸੋਚਦਾ - "ਕਿੰਨਾ ਪਿਆਰ ਸੀ ਉਸ ਦੀਆਂ ਅੱਖਾਂ ਵਿਚ ਉਸ ਵੇਲੇ, ਜਦੋਂ ਉਹ ਆਪਣੀ, ਸਤਾਰ ਨੂੰ ਫੜ ਕੇ ਮਿੱਠਾ ਤੇ ਮਸਤੀ ਭਰਿਆ ਗੀਤ ਗਾਉਂਦੀ ਸੀ -

ਮੇਰਾ ਤੁਝ ਬਿਨ ਜੀਵਨ ਕਾਹਦਾ।
ਪਈ ਆਖੇ ਕ੍ਰਿਸ਼ਨ ਨੂੰ ਰਾਧਾ।
ਮੇਰਾ ਤੁਝ ਬਿਨ ਜੀਵਨ ਕਾਹਦਾ।

ਕਿਸੇ ਜ਼ਮਾਨੇ ਵਿਚ ਸ਼ਾਇਦ ਰਾਧਾ ਕ੍ਰਿਸ਼ਨ ਨੂੰ ਆਖਦੀ ਹੋਵੇਗੀ ਪਰ ਉਸ ਵੇਲੇ ਤਾਂ ਕੰਸੋ ਹੀ ਮੈਨੂੰ ਕਹਿੰਦੀ ਸੀ। ਕੀ ਕੰਸੋ ਉਹ ਸਭ

੧੨੩