ਪੰਨਾ:ਅੱਜ ਦੀ ਕਹਾਣੀ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਆਪਣਾ ਸਿਰ ਸੁਟ ਦੇਂਦਾ, ਤੇ ਆਖਦਾ, "ਅੰਮਾਂ ਤੂੰ ਕਿੰਨੀ ਚੰਗੀ ਏਂ।"
ਉਸ ਵੇਲੇ ਜ਼ੈਨਮ ਦੇ ਚੇਹਰੇ ਤੇ ਲਾਲੀ ਫਿਰ ਜਾਂਦੀ ਤੇ ਉਹ ਉਸ ਦਾ ਮੁੰਹ ਚੁੰਮ ਕੇ ਕਹਿੰਦੀ, "ਮੇਰੇ ਬਸ਼ੀਰ ........." ਤੇ ਇਸ ਦੇ ਅਗੋਂ ਉਹ ਹੋਰ ਕੁਝ ਨਾ ਕਹਿ ਸਕਦੀ।
ਓਦੋਂ ਬਸ਼ੀਰ ਇਕੀਆਂ ਸਾਲਾਂ ਦਾ ਸੀ, ਜਦੋਂ ਇਕ ਦਿਨ ਉਸ ਨੇ ਜ਼ੈਨਮ ਦੀ ਗੋਦੀ ਵਿਚ ਸਿਰ ਸੁਟਦਿਆਂ ਕਿਹਾ - "ਅੰਮਾਂ, ਮੇਰੇ ਸਿਰ ਵਿਚ ਦਰਦ ਹੈ", ਤੇ ਜ਼ੈਨਮ ਨੇ ਉਸ ਦਾ ਸਿਰ ਘੁਟਦਿਆਂ ਆਖਿਆ - "ਕਦੋਂ ਦੀ ਦਰਦ ਏ ਬਸ਼ੀਰ?"
"ਅਜ ਸਵੇਰ ਦੀ" ਬਸ਼ੀਰ ਨੇ ਖੰਘਦਿਆਂ ਹੋਇਆਂ ਕਿਹਾ।
ਜ਼ੈਨਮ ਨੇ ਕਈ ਇਲਾਜ ਕੀਤੇ, ਪਰ ਬੀਮਾਰੀ ਵਧਦੀ ਗਈ, ਇਕ ਸਿਆਣੇ ਹਕੀਮ ਨੇ ਬਸ਼ੀਰ ਨੂੰ ਵੇਖ ਕੇ ਆਖਿਆ - "ਇਸ ਨੂੰ ਤਾਂ ਤਪਦਿਕ ਹੈ।"
ਇਹ ਸੁਣ ਕੇ ਜ਼ੈਨਮ ਦੀਆਂ ਅਖਾਂ ਅਗੇ ਹਨੇਰਾ ਛਾ ਗਿਆ, ਉਹ ਬੇਸੁਧ ਜਿਹੀ ਹੋ ਗਈ, ਉਸ ਦੀਆਂ ਅਖਾਂ ਅਥਰੂਆਂ ਨਾਲ ਭਰ ਗਈਆਂ।
ਤਿੰਨ ਸਾਲ ਬਸ਼ੀਰ ਬੀਮਾਰ ਰਿਹਾ, ਕਾਫ਼ੀ ਰੁਪਿਆ ਬਸ਼ੀਰ ਦੀ ਬੀਮਾਰੀ ਤੇ ਖਰਚ ਆਇਆ। ਕਈਆਂ ਲੋਕਾਂ ਨੇ ਜ਼ੈਨਮ ਨੂੰ ਇਹ ਕਹਿੰਦਿਆਂ ਸੁਣਿਆਂ - "ਮੇਰਾ ਸਭ ਕੁਝ ਕੋਈ ਲੈ ਲਵੇ, ਪਰ ਮੇਰਾ ਬਸ਼ੀਰਾ ਰਾਜ਼ੀ ਕਰ ਦੇਵੇ।

੨੦