ਪੰਨਾ:ਆਂਢ ਗਵਾਂਢੋਂ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਦਰ ਅਸੀ ਲੈ ਨਾ ਆਏ, ਤਾਂ ਉਸ ਨੂੰ ਬੂਚਰੀ ਵਿਚ ਵੇਚ ਦਿਤਾ ਜਾਏਗਾ।

‘ਵੇਚ ਹੀ ਦੇ ਫਿਰ, ਅਜ ਹੀ ਵੇਚ ਦੇਣ।'

‘ਬੁਚਰੀ ਕੀ ਚੀਜ਼ ਹੈ? ਇਹ ਅਮੀਨਾ ਨੂੰ ਨਹੀਂ ਪਤਾ ਸੀ। ਪਰੰਤੁ ਮਹੇਸ਼ ਸਬੰਧੀ ਬੂਚਰੀ ਦੇ ਗਲ ਬਾਤ ਹੋਣ ਤੇ ਉਸ ਦਾ ਪਿਤਾ ਇੰਨਾ ਕਿਉਂ ਘਾਬਰ ਜਾਂਦਾ ਹੈ? ਇਹ ਗੱਲ ਅਮੀਨਾ ਨੇ ਕਈ ਵਾਰੀ ਮਹਿਸੂਸ ਕੀਤੀ ਸੀ। ਉਹ ਹੋਰ ਕੁਝ ਨਾ ਆਖ ਕੇ ਹੌਲੀ ਹੌਲੀ ਉਥੋਂ ਤੁਰਦੀ ਹੋਈ।

ਰਾਤ ਦੇ ਹਨੇਰੇ ਵਿਚ ਲੁਕਦਾ-ਛਿਪਦਾ ਗਫੂਰ ਬੰਸੀ ਦੀ ਹੱਟੀ ਤੇ ਜਾ ਕੇ ਬੋਲਿਆ:

‘ਇਕ ਰੁਪਿਆ ਦੇਣਾ ਬੰਸੀ' ਤੇ ਪਿੱਤਲ ਦੀ ਥਾਲੀ ਉਸ ਦੇ ਅਗੇ ਰਖ ਦਿਤੀ। ਇਸ ਥਾਲੀ ਦਾ ਵਜ਼ਨ-ਤੋਲ ਸਾਰਾ ਕੁਝ ਬੰਸੀ ਨੂੰ ਪਤਾ ਸੀ। ਦੋ ਵਰਿਆਂ ਵਿਚ ਗਫੂਰ ਨੇ ਪੰਜ ਛੀ ਵਾਰੀ ਬੰਸੀ ਦੀ ਹੱਟੀ ਉਪਰ ਬੰਧ ਰਖਿਆ ਸੀ ਤੇ ਥਾਲੀ ਦੇ ਵਟਾਂਦਰੇ ਇਕ ਇਕ ਰੁਪਿਆ ਹਰ ਵਾਰੀ ਉਧਾਰ ਲੀਤਾ ਸੀ। ਅੱਜ ਵੀ ਬੰਸੀ ਨੇ ਉਸ ਨੂੰ ਇਕ ਰੁਪਿਆ ਦੇ ਦਿਤਾ।

ਦੂਜ ਦਿਨ ਮਹੇਸ਼ ਫੇਰ ਆਪਣੀ ਥਾਂ ਉਪਰ ਦਿਸ ਪਿਆ। ਉਹੀ ਬ੍ਰਿਛ, ਉਹੀ ਰੱਸੀ, ਉਹੀ ਕਿਲਾ ਤੇ ਉਹੀ ਖ਼ਾਲ-ਮਖ਼ਾਲੀ ਸਖਣਾ ਢਿਡ - ਮਹੇਸ਼ ਦੀਆਂ ਡੂੰਘੀਆਂ ਕਾਲੀਆਂ ਉਹੀ ਗਿਲੀਆਂ ਅੱਖਾਂ ਤੇ ਉਸੇ ਤਰਾਂ ਹੀ ਉਹ ਧੌਣ ਚੁਕੀ ਵੇਖ ਰਿਹਾ ਸੀ। ਇਕ ਬੁਢਾ ਜਿਹਾ ਮੁਸਲਮਾਨ ਉਸ ਨੂੰ ਬੜੇ ਗੌਹ ਨਾਲ ਤਾੜ ਰਿਹਾ ਸੀ। ਕੁਝ ਦੂਰ ਗਫੂਰ ਚੁਪ-ਚਾਪ ਬੈਠਾ ਸੀ। ਬੌਲਦ ਨੂੰ ਚੰਗੀ ਤਰ੍ਹਾਂ ਵੇਖ ਭਾਲ ਕੇ, ਬੁਢੇ ਨੇ ਇਕੋ ਵਾਰੀ ਪੂਰੇ ਦਸਾਂ ਦਾ ਨਵਾਂ ਨੋਟ, ਆਪਣੀ ਤਹਿਮਤ ਦੀ ਲਪੇਟ ਵਿਚੋਂ ਬਾਹਰ ਕਢਿਆ ਤੇ ਨਵੇਂ ਨੋਟ ਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਗਫੂਰ ਦੇ ਅਗੇ ਰਖਦਿਆਂ ਬੋਲਿਆ:

-੯੩-