ਪੰਨਾ:ਆਂਢ ਗਵਾਂਢੋਂ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਕੌਣ ਹੈ ਮੇਰਾ ਵੀਰ ਤੇ ਕਿਹੜਾ ਹੈ ਮੇਰਾ ਪਤੀ?' ਰੂਪਾਂ ਨੇ ਬੜੇ ਚਾ ਨਾਲ ਹਸਦਿਆਂ ਹਸਦਿਆਂ ਪੁਛਿਆ।

ਦੋਵੇਂ ਹੀ ਇਕ ਦੂਜੇ ਵਲ ਇਸ਼ਾਰਾ ਕਰ ਕੇ ਬੋਲੇ:

'ਇਹ ਹੈ ਪਤੀ।'

ਰੂਪਾਂ, ਹਸਣ ਲਗੀ, 'ਵਾਹ ਬਈ ਵਾਹ! ਇੰਨੀ ਖੇਚਲ ਮਗਰੋਂ ਫਿਰ ਵੀ ਦੋਵੇਂ ਹੀ ਮੇਰੇ ਪਤੀ?' ......... ਇਸ ਤੋਂ ਅਗੇ ਰੂਪਾਂ ਕੁਝ ਆਖਣਾ ਚਾਹੁੰਦੀ ਸੀ। ਦੇਵਾਂ ਬੋਲ ਪਿਆ:

'ਰੁਪਾਂ, ਤੇਰੀ ਸ਼ਰਤ ਕੀ ਸੀ? ਜਿਹੜਾ ਝਾਂਜਰੀ ਤੇ ਪਹਿਲਾਂ ਪੁਜੇ, ਉਹ ਤੇਰਾ ਪਤੀ ਹੈ ਨਾ? ਸੋ ਸੋਮਾਂ ਪਹਿਲਾਂ ਪੁਜਾ ਹੈ, ਇਸ ਲਈ ਇਹੋ ਤੇਰਾ ਪਤੀ ਵੀ ਹੈ।'

'ਨਹੀਂ ਨੀ ਰੂਪਾਂ ਨਹੀਂ! ਦੇਵਾਂ ਨੇ ਤੈਨੂੰ ਸਾਰੀ ਗੱਲ ਨਹੀਂ ਦਸੀ, ਮੈਂ ਜ਼ਰੂਰ ਪਹਿਲਾਂ ਪੁਜਿਆ ਹਾਂ ਇਹ ਤਾਂ ਹੈ ਸਚ, ਪਰ ਮੈਂ ਡੁਬ ਵੀ ਤਾਂ ਚਲਿਆ ਸਾਂ, ਦੇਵਾਂ ਨੇ ਮੈਨੂੰ ਮੋਢੇ ਤੇ ਚੁੱਕ ਕੇ ਕਢਿਆ, ਮੈਨੂੰ ਮੌਤ ਤੋਂ ਬਚਾਇਆ, ਇਸ ਲਈ ਜਿਤਿਆ ਦੇਵਾਂ ਹੀ ਹੈ ਨਾ?'

ਫਿਰ ਉਹੀ ਦੁਚਿਤੀ:

ਰੂਪਾਂ ਨਿਰਣੇ ਨਾ ਕਰ ਸਕੀ, ਜਿਸ ਗੱਲ ਨੂੰ ਉਹ ਟਾਲਣਾ ਚਾਹੁੰਦੀ ਸੀ ਉਹੀ ਫਿਰ ਸਾਹਮਣੇ ਆਣ ਖਲੋਤੀ। ਉਸ ਨੇ ਨੇੜੇ ਪਿਆ ਇਕ ਪੱਥਰ ਦਾ ਟੋਟਾ ਚਕ ਲਿਆ ਤੇ ਖਲੋ ਕੇ ਬੋਲੀ:

'ਬੋਲੋ ਗਿਲਾ ਕਿ ਸੁਕਾ?'

'ਬੋਲ ਸੋਮਾਂ ਗਿਲਾ ਮਲਣਾ ਈ ਕਿ ਸੁਕਾ?' ਦੇਵਾਂ ਨੇ ਪੁਛਿਆ, “ਜੋ ਤੂੰ ਮਲੇਂਗਾ, ਦੂਜਾ ਮੇਰਾ।'

ਸੋਮਾਂ ਬੋਲਿਆ:

‘ਚੰਗਾ! ਮੇਰਾ ਗਿਲਾ ਹੀ ਸਹੀ ਰੂਪਾਂ, ਸੁਟ ਉਪਰ ਨੂੰ ਪੱਥਰ।'

ਰੂਪਾਂ ਨੇ ਪੱਥਰ ਉਪਰ ਅਕਾਸ਼ ਵਲ ਉਛਾਲ ਦਿਤਾ।

-੧੨੩-