ਪੰਨਾ:ਆਂਢ ਗਵਾਂਢੋਂ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਸੋਚ ਸੋਚ ਕੇ ਕਿ ਅਗੇ ਕੀ ਹੋਵੇਗਾ ? ਹੁਣ ਕੀ ਆਏਗਾ?- ਉਛਲਦਾ ਸੀ। ਐਨੇ ਵਿਚ ਭੂੰਅ-ਭੂੰਅ ਕਰਦੀ ਕਿਸੇ ਰਾਖਸ਼ ਵਾਂਗ ਪਿਛੇ ਧੂਆਂ ਛਡਦੀ -- ਬਸ ਆਣ ਖੜੋਤੀ। ਬਸ ਭਰੀ ਹੋਈ ਸੀ, ਫੇਰ ਵੀ ਜ਼ਨਾਨਾ ਸਵਾਰੀ ਵੇਖ ਕੇ ਡਰਾਈਵਰ ਨੇ ਆਪਣੇ ਕੋਲ ਥਾਂ ਖਾਲੀ ਕਰ ਕੇ ਬੈਠਣ ਲਈ ਆਖਿਆ।

ਰੰਗਮਾ ਨੇ ਵੀਰਾਂਡੀ ਵਲ ਵੇਖਿਆ - ਵੀਰਾਂਡੀ ਵੀ ਜਦ ਉਥੇ ਹੀ ਚੜ੍ਹਨ ਲਗਾ ਤਾਂ ਪੈਸੇ ਲੈਣ ਵਾਲਾ ਚਮੜੇ ਦਾ ਥੈਲਾ ਲਟਕਾਈ ਬੋਲ ਪਿਆ:

“ਪਿਛੇ! ਉਏ ਪਿਛੇ! ਪਿਛੇ ਜਾ ਕੇ ਬੈਠ - ਤੇਰੀ ਉਸ ਨੂੰ ਨਹੀਂ ਕੋਈ ਚੁਕ ਕੇ ਲੈ ਚਲਿਆ।" ਉਸ ਦੀ ਬੋਲੀ ਬਦਮਾਸ਼ਾਂ ਵਾਲੀ ਸੀ।

ਰੰਗਮਾ ਦੀਆਂ ਰਗਾਂ ਦਾ ਖੂਨ ਉਬਲ ਉਠਿਆ। ਰਤਾ ਕੁ ਟੇਡਾ ਬੋਲਣ ਤੇ ਸੰਢੇ ਵਰਗੇ ਨੌਕਰ ਨੂੰ ਇਕੋ ਮੁੱਕੇ ਨਾਲ ਦੂਹਰਾ ਕਰ ਦੇਣ ਵਾਲੇ ਵੀਰਾਂਡੀ ਵਲ ਰੰਗਮਾ ਨੇ ਵੇਖਿਆ। ਜਿਵੇਂ ਉਹ ਹੁਣ ਹੀ ਮੋਟਰ ਵਾਲੇ ਡਰਾਈਵਰ ਨੂੰ ਚੀਰ ਛਡਣ ਵਾਲਾ ਹੈ, ਪਰੰਤੂ ਬਿਨਾ ਕੰਨ, ਪੂਛ ਹਿਲਾਏ ਗਰੀਬ ਕੁੱਤੇ ਵਾਂਗ ਉਸ ਦੇ ਪਿਛੇ ਜਾ ਰਿਹਾ ਸੀ ਵੀਰਾਂਡੀ ਮੋਢੇ ਤੇ ਗੰਢ ਰਖੀ। ਬਿਜਲੀ ਭਰੇ ਕਾਲੇ ਸੇਬ ਵਾਂਗ ਗੱਲ੍ਹਾਂ ਹੋ ਗਈਆਂ ਰੰਗਮਾ ਦੀਆਂ। ਸਿਰ ਉਚਾ ਕਰ ਕੇ ਲੰਮੀਆਂ ਉਂਗਲਾਂ ਨਾਲ ਮੂੰਹ ਤੇ ਪੈਂਦੀਆਂ ਲਿਟਾਂ ਨੂੰ ਪਿਛੇ ਹਟਾ ਕੇ ਉਹ ਉਸ ਪਾਸੇ ਵੇਖਣ ਲਗੀ, ਜਿਸ ਤਰ੍ਹਾਂ ਦੁਸ਼ਮਣਾਂ ਵਿਚ ਫਸੀ ਬਹਾਦਰ ਰਾਜਪੂਤਨੀ ਹੋਵੇ। ਉਸ ਦੇ ਗੁਸੇ ਤੇ ਤ੍ਰਿਸਕਾਰ ਭਰੇ ਰੂਪ ਤੇ ਡਰਾਈਵਰ ਮਸਤ ਹੋ ਗਿਆ।

"ਘਰ ਵਾਲੇ ਬਗੈਰ ਇਹ ਨਹੀਂ ਜੇ ਬੈਠਣ ਵਾਲੀ! ਆਉ, ਮਹਾਰਾਜ ਤੁਸੀ ਵੀ ਬੈਠੋ ।"

ਡਰਾਈਵਰ ਨੇ ਥਾਂ ਕਰ ਕੇ ਦੋਹਾਂ ਨੂੰ ਬਿਠਾਇਆ। ਇਤਨੇ

-੧੧-