ਪੰਨਾ:ਆਂਢ ਗਵਾਂਢੋਂ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹੀ ਤੇ ਉਸ ਦੇ ਭਾਗ-ਅਭਾਗ ਨੂੰ ਆਪਣਾ ਸਮਝ ਕੇ ਉਸ ਦੇ ਸੁਖ ਦੁਖ ਨੂੰ ਅਨੁਭਵ ਕਰਦੀ ਰਹੀ-ਹੁਣ ਉਸ ਅੱਖਾਂ ਮਲਦਿਆਂ ਇਕ ਲੰਬਾ ਸਾਹ ਖਿਚਿਆ। ਸ਼ੁਰੂ ਵਿਚ ਤਾਂ, ਆਪਣੇ ਆਪ ਜਗਦੀਆਂ ਬੁਝਦੀਆਂ ਬਿਜਲੀ-ਬਤੀਆਂ ਤੇ ਨਚਦੀਆਂ ਤਸਵੀਰਾਂ ਨੇ ਹੀ ਉਸ ਨੂੰ ਹੈਰਾਨ ਕਰ ਦਿਤਾ, ਪਰੰਤੂ ਥੋੜੇ ਚਿਰ ਪਿਛੋਂ ਉਹ ਸਾਰਾ ਕੁਝ ਭੁੱਲ ਕੇ ਕਹਾਣੀ ਵਿਚ ਗੁਵਾਚ ਗਈ, ਫ਼ਿਲਮ ਵਿਚ ਦਿਸਣ ਵਾਲੇ ਮਹਿਲ, ਜੰਗਲ, ਪਹਾੜ, ਦਰਿਆ, ਮੋਟਰ, ਰੇਲ, ਸੁੰਦਰ ਸੁੰਦਰ ਇਸਤ੍ਰੀਆਂ-ਪੁਰਸ਼, ਉਨਾਂ ਦੇ ਆਪੋ ਵਿਚ ਪਿਆਰ-ਚੁਮਣੀਆਂ, ਅਧਨੰਗੇ ਸੁੰਦਰ ਜੋਬਨ-ਉਹ ਵੇਖਦੀ ਵੇਖਦੀ ਉਸੇ ਸੰਸਾਰ ਵਿਚ ਜਾ ਪੁਜੀ।

ਉਸ ਸਮਝਿਆ, 'ਇਹ ਸਾਰਾ ਕੁਝ ਕਿਧਰੇ ਜ਼ਰੂਰ ਬੀਤ ਰਿਹਾ ਹੈ।'

ਕਹਾਣੀ ਦੀ ਨਾਇਕਾ ਨੂੰ ਦੁਖ ਵਿਚ ਵੇਖ ਕੇ ਉਹ ਰੋ ਪਈ। ਨਾਇਕ, ਜਦੋਂ ਕੋਈ ਸ਼ਲਾਘਾ ਯੋਗ ਕੰਮ ਕਰਦਾ ਤਾਂ ਉਹ ਆਪਣਾ ਹਿਰਦਾ ਉਸ ਦੇ ਸਮਰਪਣ ਕਰ ਦਿੰਦੀ। ਉਸ ਨੇ ਕਹਾਣੀ ਦੀ ਨਾਇਕਾ ਦੇ ਥਾਂ ਆਪਣੇ ਆਪ ਨੂੰ ਸਮਝ ਲਿਆ। ਅੰਤ ਵਿਚ ਜਦ ਨਾਇਕ ਨੇ ਨਾਇਕਾ ਨੂੰ ਆਲਿੰਗਨ ਵਿਚ ਲੈ ਲਿਆ, ਤਾਂ ਇਸਤ੍ਰੀ-ਪੁਰਸ਼ ਸੰਜੋਗ ਦਾ ਡੂੰਘਾ ਰੋਮਾਂਚ ਉਸ ਦੇ ਹਿਰਦੇ ਵਿਚ ਛਾ ਗਿਆ।

ਸਾਰਾ ਕੁਝ ਹੋ ਜਾਣ ਮਗਰੋਂ ਵੀ ਉਹ ਉਥੇ ਹੀ ਬੈਠੀ ਰਹੀ, ਜਿਵੇਂ ਅਜੇ ਹੋਰ ਕੁਝ ਵੀ ਹੋਣਾ ਹੈ - ਸਾਰੀ ਮਖ਼ਲੂਕ ਜਾ ਰਹੀ ਸੀ। ਅਖ਼ੀਰ ਵੀਰਾਂਡੀ ਨੇ ਘਰ ਚਲਣ ਲਈ ਆਖਿਆ, ਤਾਂ ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਸ ਦੇ ਨਾਲ ਉਸ ਦਾ ਕਦੇ ਦੂਰ ਦਾ ਵੀ ਸੰਬੰਧ ਨਹੀਂ। ਥੋੜੇ ਚਿਰ ਨੂੰ ਕੁਝ ਚੇਤਾ ਆਇਆ ਤੇ ਉਹ ਬੋਲੀ:

'ਚਲੀਏ।'

-੨੩-