ਪੰਨਾ:ਆਂਢ ਗਵਾਂਢੋਂ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਰ ਘਰ ਜਾ ਪੁਜਣਾ -- ਫੇਰ ਉਹੋ ਚਕੀ, ਉਹੀਓ ਚੁਲ੍ਹਾ, ਘਾਹ ਪਠਾ, ਦੁਧ-ਦਹੀਂ, ਸੱਸ-ਸੌਹਰੇ ਦੀ ਸੇਵਾ ਤੋਂ ਥਕ ਅਕ ਕੇ ਉਸੇ ਕੋਠੇ ਵਿਚ ਨੀਂਦ -- ਇਹ ਸ਼ਹਿਰ, ਸ਼ਹਿਰ ਦੀ ਸੁੰਦਰਤਾ, ਇਹ ਨਾਟਕ ਤੇ ਨਾਟਕ ਦੇ ਕ੍ਰਿਸ਼ਨ ਜੀ ਕਿਥੇ ਮਿਲਣਗੇ?

ਸਾਰਿਆਂ ਨੂੰ ਛਡ ਕੇ -- ਉਹ ਨਾਟਕ ਦੇ ਕ੍ਰਿਸ਼ਨ ਜੀ ਦੇ ਕਲੋਲ, ਸੁੰਦਰ ਜਵਾਨੀ, ਸਖੀਆਂ ਨਾਲ ਪਿਆਰ, ਚਤਰਾਈ, ਪ੍ਰੇਮ ਭਰੇ ਨੈਣ ਤੇ ਨੈਣਾਂ ਦੀਆਂ ਸੈਨਤਾਂ, ਮਿਠੇ ਬਿਸ਼ਨ-ਪਦੇ, ਸਾਰੀਆਂ ਗਲਾਂ ਚੇਤੇ ਆਈਆਂ -- ਮਟਕੀਆਂ ਖੋਹਣਾ, ਮਖਣ ਖਾਣਾ, ਸਖੀਆਂ ਦੇ ਚੀਰ ਹਰਨ ਤੇ ਇਸ਼ਨਾਨ, ਕ੍ਰਿਸ਼ਨ ਦੀ ਬੰਸਰੀ।

ਪੈਰਾਂ ਨੇ ਅਗੇ ਵਧਣ ਤੋਂ ਇਨਕਾਰ ਕਰ ਦਿਤਾ। ਬਚਪਨ ਤੋਂ ਹੀ ਸ੍ਰੀ ਕ੍ਰਿਸ਼ਨ ਜੀ ਰੰਗਮਾ ਦੇ ਇਸ਼ਟ ਦੇਵਤਾ ਸਨ। ਉਹਨੇ ਕਿੰਨੇ ਹੀ ਅਧਭੁਤ ਰਚਨਾ ਰਚਾਈਆਂ ਸਨ। ਇਕਾਂਤ ਵਿਚ ਕਈ ਵਾਰੀ ਕਿੰਨੀਆਂ ਕਹਾਣੀਆਂ ਰੰਗਮਾ ਨੇ ਕ੍ਰਿਸ਼ਨ ਜੀ ਨਾਲ ਖੇਡੀਆਂ ਸਨ, ਗੱਲਾਂ ਬਾਤਾਂ ਕੀਤੀਆਂ ਸਨ। ਕਈ ਵਾਰੀ ਉਹ ਕ੍ਰਿਸ਼ਨ ਜੀ ਦੇ ਸਾਮ੍ਹਣੇ ਸ਼ਰਮਾਈ ਸੀ, ਕ੍ਰਿਸ਼ਨ ਲਈ ਕਿੰਨੇ ਹੀ ਸੁਪਨੇ ਵੇਖੇ ਹਨ-ਅਨੇਕਾਂ ਭਜਨ ਵੀ ਯਾਦ ਕੀਤੇ, ਆਪਣੀ ਭਾਵਨਾ ਤੇ ਔਕੜਾਂ ਆਪਣੇ ਦੇਵਤਾ ਦੀ ਸੇਵਾ ਵਿਚ ਨਵੇਦਨ ਕਰ ਚੁਕੀ ਹੈ। ਉਸੇ ਦੇਵਤਾ ਦੇ ਅਜ ਉਸ ਨੂੰ ਸਾਖਯਾਤ ਦਰਸ਼ਨ ਹੋਏ ਹਨ। ਨਾਟਕ ਦੇ ਕ੍ਰਿਸ਼ਨ ਦੇ ਗੁਣ, ਸ਼ਕਲ, ਕੰਮ ਤੇ ਆਪਣੇ ਇਸ਼ਟ ਦੇਵ ਦੇ ਗੁਣ, ਅਨਮਾਨ ਤੇ ਖੇਡਾਂ ਵਿਚ ਕੋਈ ਭੇਦ ਨਹੀਂ ਸੀ। ਦੋਵੇਂ ਬਰਾਬਰ ਸਨ, ਉਸ ਦੇ ਮਨ ਦੇ ਦੇਵਤਾ, ਮਨ ਦੇ ਚੋਰ, ਇਹੋ ਜੀਵ ਦੇ ਜਾਗਦੇ ਕ੍ਰਿਸ਼ਨ ਜੀ ਤਾਂ ਹਨ, ਪਰ ਜਦੋਂ ਇਸਤ੍ਰੀ-ਪੁਰਸ਼ ਸੰਜੋਗ ਲਈ ਉਸ ਦਾ ਪਤੀ ਵੀਰਾਂਡੀ ਉਸ ਦੇ ਬਿਸਤਰੇ ਤੇ ਆਇਆ ਕਰਦਾ, ਤਾਂ ਰੰਗਮਾ ਅੱਖਾਂ ਮੀਟ ਮੀਟ ਉਸ ਨੂੰ ਕ੍ਰਿਸ਼ਨ ਸਮਝਣ ਦਾ ਧੋਖਾ ਆਪਣੇ ਮਨ ਨੂੰ ਦਿਆ ਕਰਦੀ।

-੨੫-