ਪੰਨਾ:ਆਂਢ ਗਵਾਂਢੋਂ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਰੇ ਚਾਰ ਆਨੇ ਸਨ। ਇਸ ਦੇ ਚਾਰ ਆਨੇ, ਸੋਲਾਂ ਪੈਸਿਆਂ ਦੇ ਚਾਰ ਆਨੇ, ਕੇਵਲ ਇਤਨੇ ਹੀ? ਅਜੇ ਹੋਰ ਅਠ ਆਨੇ ਜੋੜਨੇ ਹਨ। ਹਾਏ ਮੇਰਿਆ ਰੱਬਾ! ਤਾਂ ਕਿਧਰੇ ਜਾ ਕੇ ਬਾਰਾਂ ਆਨੇ ਹੋਣਗੇ।

ਪੱਟੇ ਦਾ ਮੁਲ ਬਾਰਾਂ ਆਨੇ, ਇਨ੍ਹਾਂ ਤੋਂ ਵਧ ਕੇ ਦੂਣੇ ਹੋਰ। ਇਹ ਮੈਂ ਕਿਵੇਂ ਜੋੜਾਂਗੀ - ਪੈਸਾ ਪੈਸਾ ਕਰ ਕੇ? ਫਿਰ ਪੱਟਾ ਆਵੇਗਾ, ਮੇਰਾ ਪੱਟਾ, ਪਿਆਰਾ ਪੱਟਾ!

ਜਿਸ ਦਿਨ ਉਹ ਚਾਰ ਆਨੇ ਜੁੜ ਗਏ, ਉਸ ਦਿਨ ਉਹ ਸਕੂਲੋਂ ਮੁੜਦਿਆਂ ਦੁਕਾਨਦਾਰ ਨੂੰ ਆਖਣ ਲਗੀ:

'ਵੇ ਭਾਈ! ਵੇਖ ਉਹ ਪੱਟਾ ਵੇਚੀਂ ਨਾ, ਮੈਂ ਆਪ ਖ਼ਰੀਦਾਂਗੀ।'

‘ਪਰੇ ਜਾ ਵੀ, ਸਿਰ ਨਾ ਖਾ।'

ਦੁਕਾਨਦਾਰ ਆਪਣੀ ਸੋਟੀ ਨਾਲ, ਜਿਸ ਦੇ ਇਕ ਸਿਰੇ ਉਪਰ ਝਾੜਨ ਬੱਧਾ ਹੋਇਆ ਸੀ, ਚੀਜ਼ਾਂ ਦੀ ਮਿੱਟੀ ਝਾੜਨ ਲਗਾ -- ਅਲਮਾਰੀਆਂ ਦੇ ਸ਼ੀਸ਼ੇ ਤੇ ਹੋਰ ਚੀਜ਼ਾਂ।

ਦੂਰ ਜਾ ਕੇ ਰਾਹ ਵਿਚੋਂ ਉਸ ਨੇ ਫਿਰ ਪਰਤ ਕੇ ਇਕ ਵਾਰੀ ਪੱਟੇ ਵਲ ਵੇਖਿਆ, ਬੜੀ ਸੱਧਰ ਨਾਲ ਪੱਟਾ ਉਥੇ ਹੀ ਸੀ, ਉਸੇ ਤਰ੍ਹਾਂ ਧੁੱਪ ਵਿਚ ਲਿਸ਼ਕ ਰਿਹਾ ਸੀ, ਘੁੰਗਰੂ ਵੀ ਉਥੇ ਹੀ ਸਨ।

ਕੁਝ ਦਿਨਾਂ ਮਗਰੋਂ ਉਸ ਦੀ ਮਾਸੀ ਆਈ -- ਮਾਸੀ ਮਿਲਣ ਆਈ ਸੀ। ਕੁਝ ਦਿਨ ਘਰ ਰਹੀ, ਜਦੋਂ ਟੁਰਨ ਲਗੀ, ਮਾਸੀ ਨੇ ਇਕ ਠਾਂਂਹ ਕਰਦਾ ਰੁਪਿਆ ਕੁੜੀ ਦੇ ਹੱਥ ਰਖਿਆ। ਇਕ ਡਾਢੀ ਮਿੱਠੀ, ਡੂੰਘੀ ਪਿਆਰ-ਭਰਪੂਰ ਚੁੰਮੀ ਵੀ ਲਈ,

-੪੬-