ਪੰਨਾ:ਆਂਢ ਗਵਾਂਢੋਂ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਤੇ ਅਸੀਂ ਦੋਵੇਂ ਇਕੱਠੇ ਬਹਿ ਕੇ ਖਾਵਾਂਗੇ, ਹੈਂ ਨਾ ਮੋਤੀ?'

ਮੋਤੀ ਮਾਸੂਮ ਅੱਖਾਂ ਨਾਲ, ਮਾਸੂਮ ਅੱਖਾਂ ਵਿਚ ਵੇਖਦਾ ਰਿਹਾ।

ਉਸੇ ਸਵੇਰ ਉਹ ਬੈਠਕ ਦੇ ਥੜੇ ਤੇ ਬਹਿ ਕੇ ਕਿਤਨਾ ਚਿਰ ਇਸੇ ਤਰਾਂ ਲਾਡ ਪਿਆਰ ਕਰਦੀ ਰਹੀ। ਇਸ ਘਰ ਦੇ ਹੋਰ ਸਾਰੇ ਆਦਮੀ ਆਪੋ-ਆਪਣੇ ਕੰਮ ਵਿਚ ਰੁਝੇ ਹੋਏ ਸਨ। ਦੂਜੇ ਦਿਨ ਇਸ ਘਰ ਵਿਚ ਇਕ ਸ਼ਾਨਦਾਰ ਟੀ-ਪਾਰਟੀ ਸੀ। ਪਿਤਾ ਜੀ ਦੇ ਮਿੱਤਰ ਇਕ ਸਾਹਿਬ ਬਹਾਦਰ ਨੇ ਇਸ ਦਫ਼ਤਰੋਂ ਬਦਲ ਜਾਣਾ ਸੀ। ਘਰ ਦੀ ਸਫ਼ਾਈ, ਸਜਾਵਟ, ਮੇਜ਼ ਕੁਰਸੀਆਂ, ਚਾਹ ਦਾ ਸਾਮਾਨ - ਸਾਰਾ ਕੁਝ ਤਿਆਰ ਹੋ ਰਿਹਾ ਸੀ।

ਦੂਜੇ ਦਿਨ ਸ਼ਾਮ ਨੂੰ ਜਦੋਂ ਸਕੂਲੋਂ ਪੱਟੇ ਅਤੇ ਬਿਸਕੁਟਾਂ ਸਮੇਤ ਪ੍ਰੀਤਮਾ ਮੁੜੀ ਤਾਂ ਹੀ ਪਾਰਟੀ ਮੁਕ ਚੁਕੀ ਸੀ। ਸਾਹਿਬ ਚਾਹ ਪੀ ਕੇ ਸਟੇਸ਼ਨ ਨੂੰ ਤੁਰ ਗਿਆ ਸੀ। ਪਿਤਾ ਜੀ ਤੇ ਉਨਾਂ ਦੇ ਸਜਣ ਮਿੱਤਰ ਸਾਹਿਬ ਨੂੰ ਸਟੇਸ਼ਨ ਤੇ ਛਡਣ ਗਏ ਸਨ।

ਪ੍ਰੀਤਮਾ ਨੇ ਘਰ ਦਾ ਚੱਪਾ ਚੱਪਾ ਛਾਣ ਮਾਰਿਆ, ਪਰ ਮੋਤੀ ਦਾ ਕਿਧਰੇ ਖੁਰਾ ਖੋਜ ਨਾ ਲਭਾ, ਹਾਰ ਕੇ ਉਹ ਰੋਣ ਲਗ ਪਈ। ਮੁਲਾਇਮ ਨਿੱਕੀਆਂ, ਮਾਸੂਮ ਬੁਲ੍ਹੀਆਂ ਵਿਚ ਕਿਤਨਾ ਚਿਰ ਬੁਸਕਦੀ ਰਹੀ। ਆਪਣੇ ਪਿਆਰੇ ਦੀ ਯਾਦ ਵਿਚ ਮੋਤੀਆਂ ਵਰਗੇ ਅੱਥਰੂ ਨਰਗਸੀ ਅੱਖਾਂ ਵਿਚ ਛਮ-ਛਮ ਬਾਹਰ ਆਉਂਦੇ ਰਹੇ। ਉਸ ਦੇ ਪਿਤਾ ਜੀ ਸਾਥੀਆਂ ਸਮੇਤ ਹੁਣੇ ਹੁਣੇ ਹੀ ਸਟੇਸ਼ਨ ਤੋਂ ਮੁੜੇ ਸਨ। ਰਾਹ ਵਿਚ ਸੋਚ ਰਹੇ ਸਨ:

‘ਪ੍ਰੀਤਮ ਕੁੱਤੇ ਲਈ ਜ਼ਰੂਰ ਰੋਸ ਪ੍ਰਗਟ ਕਰੇਗੀ।'

'ਹੋਰ ਇਸ ਤੋਂ ਵਧੀਆ ਲੈ ਦਿਆਂਗਾ।'

'ਇਕ ਨਹੀਂ, ਦੋ।'

‘ਉਨਾਂ ਦਾ ਪਪੀ ਵੀ ਤਾਂ ਹੈ।'

-੫੨-