ਪੰਨਾ:ਆਂਢ ਗਵਾਂਢੋਂ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

‘ਤੇਰੇ ਲਈ ਬਿਸਕੁਟ!'

‘ਕਿਤਨਾ ਸੋਹਣਾ ਪੱਟਾ!'

‘ਘੁੰਗਰੂਆਂ ਵਾਲਾ!'

ਮੋਤੀ ਕਿਥੇ ਚਲਾ ਗਿਆ? ਉਹ ਕਿਸ ਨਾਲ ਪਿਆਰ ਕਰਦਾ ਹੋਵੇਗਾ? ਉਸ ਨੂੰ ਕੌਣ ਬਿਸਕੁਟ ਖਵਾਏਗਾ? ਉਸ ਨਾਲ ਕੌਣ ਖੇਡਦਾ ਹੈ? ਇਨ੍ਹਾਂ ਹੀ ਸੋਚਾਂ ਵਿਚ ਉਹ ਗ਼ਰਕ ਰਿਹਾ ਕਰਦੀ।

ਪ੍ਰੀਤਮਾ ਦੇ ਉਤਸ਼ਾਹ ਤੇ ਮਨ-ਪ੍ਰਚਾਵੇ ਲਈ ਸਾਰੇ ਕਾਰੇ ਕੀਤੇ ਗਏ। ਇਕ ਨਹੀਂ, ਕਈ ਕੁੱਤਿਆਂ ਦੇ ਬੱਚੇ ਲਿਆਂਦੇ, ਸਭ ਨਿਸਫਲ, ਉਸ ਕਿਸੇ ਵਲ ਵੀ ਅੱਖ ਪ੍ਰਤ ਕੇ ਨਾ ਤੱਕਿਆ। ਦਿਨੋ ਦਿਨ ਉਹ ਪਿਆਰੇ ਮੋਤੀ ਦੇ ਗ਼ਮ ਵਿਚ ਘੁਲਦੀ ਜਾ ਰਹੀ ਸੀ। ਅੱਖਾਂ ਲੱਥਦੀਆਂ ਗਈਆਂ, ਹੋਠਾਂ ਅਤੇ ਗਲ੍ਹਾਂ ਦੀ ਸੁੰਦਰਤਾ ਜਾਂਦੀ ਰਹੀ। ਨਿੱਕਾ ਨਿੱਕਾ ਬੁਖ਼ਾਰ ਹਰ ਰੋਜ਼ ਹੋਣ ਲਗਾ। ਜਵੈਣ ਕਾੜਾ ਦਿਤਾ ਗਿਆ, ਖੰਘ ਸ਼ੁਰੂ ਹੋ ਗਈ। ਡਾਕਟਰਾਂ ਹਕੀਮਾਂ ਦੇ ਇਲਾਜ ਹੋਏ, ਪਰ ਪੀਤਮਾ ਹੌਲੀ ਹੌਲੀ ਮੌਤ ਦੇ ਮੂੰਹ ਵਿਚ ਜਾ ਰਹੀ ਸੀ - ਦਿਨੋ ਦਿਨ ਮੌਤ ਦੇ ਨੇੜੇ। ਅਖ਼ੀਰ ਉਹ ਬਿਸਤਰ ਉਪਰ ਪੈ ਗਈ। ਜਿਉਂ ਜਿਉਂ ਉਸ ਦਾ ਇਲਾਜ ਹੁੰਦਾ, ਤਿਉਂ ਤਿਉਂ ਬੀਮਾਰੀ ਵਧਦੀ ਜਾਂਦੀ।

ਜਿਸ ਸਾਹਿਬ ਦੀ ਬਦਲੀ ਹੋਈ, ਉਸੇ ਦੀ ਸਫ਼ਾਰਸ਼ ਨਾਲ ਪਿਤਾ ਜੀ ਦੀ ਤਨਖ਼ਾਹ ਵਿਚ ਵਾਧਾ ਹੋ ਗਿਆ। ਅਜ ਉਹ ਨਵੀਂ ਤਨਖ਼ਾਹ ਦੀ ਰਕਮ ਲੈ ਕੇ ਸ਼ਾਮ ਨੂੰ ਘਰ ਆਏ। ਮੇਜ਼ ਉਪਰ ਨੋਟਾਂ ਦੀ ਥਬੀ ਤੇ ਰੇਜ਼ਗਾਰੀ ਆਪਣੇ ਬਟਵੇ ਸਮੇਤ ਸਾਰਾ ਕੁਝ ਰਖਿਆ ਤੇ ਪਿਆਰ ਨਾਲ ਬੀਮਾਰ ਧੀ ਨੂੰ ਸਾਰੇ ਨੋਟ ਫੜਾ ਦਿਤੇ।

‘ਇਕ ਹੋਰ ਨਵੀਂ ਸਾੜੀ, ਜੰਪਰ ਤੇ ਗੁਰਗਾਬੀ।'

‘ਮੇਰੇ ਲਈ?'

-੫੪-