ਪੰਨਾ:ਆਂਢ ਗਵਾਂਢੋਂ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਹਾਂ, ਤੇਰੇ ਲਈ, ਤੂੰ ਉਠ ਰਾਜ਼ੀ ਹੋ।'

'ਤੇ ਮੋਤੀ ਲਈ?'

ਪਿਤਾ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਮੋਤੀ ਹੀ ਨਹੀਂ ਤਾਂ ਫਿਰ ਮੋਤੀ ਲਈ ਲਿਆਂਦਾ ਕੀ ਜਾਵੇ। ਮਾਂ ਆਖਣ ਲਗੀ:

'ਮੋਤੀ ਇਸ ਨੂੰ ਨਹੀਂ ਵਿਸਰਦਾ।'

ਪਿਤਾ ਬੋਲਿਆ :

'ਮੋਤੀ ਤਾਂ ਇਸ ਦੀ ਬੀਮਾਰੀ ਹੈ।'

ਅਜ ਪ੍ਰੀਤਮਾ ਦੀ ਹਾਲਤ ਚੰਗੀ ਨਹੀਂ ਸੀ ਮਲੂਮ ਹੁੰਦੀ, ਦੋਵੇਂ ਸੋਚ ਰਹੇ ਸਨ ਪ੍ਰੀਤਮਾ ਦੇ ਮਾਂ ਪਿਉ:

'ਸ਼ਾਇਦ ਚਾਰ ਦਿਨ ਹੋਰ ਇਹ ਜੀਉਂਦੀ ਰਹਿ ਸਕੇ।'

ਪੱਟਾ ਉਸ ਦੇ ਹੱਥ ਵਿਚ ਉਸੇ ਤਰ੍ਹਾਂ ਫੜਿਆ ਹੋਇਆ ਸੀ। ਤਨਖ਼ਾਹ ਦੇ ਨੋਟਾਂ ਨਾਲ - ਤਨਖ਼ਾਹ ਪਿਉ ਦੀ ਜਾਇਦਾਦ ਸੀ ਤੇ ਪੱਟਾ ਪ੍ਰੀਤਮਾ ਦਾ ਸਰਮਾਇਆ, ਮੋਤੀ ਦੀ ਰਿਸ਼ਵਤ ਨੇ ਹੀ ਤਨਖ਼ਾਹ ਵਧਾਈ ਹੈ। ਮੋਤੀ ਦੇ ਵਿਛੋੜੇ ਵਿਚ ਬੱਚੀ ਘੁਲਦੀ ਜਾ ਰਹੀ ਹੈ।

ਚਾਰ ਦਿਨਾਂ ਦੀ ਮਹਿਮਾਨ ਬੱਚੀ, ਖ਼ਬਰੇ ਕਦੋਂ ਅੱਖਾਂ ਮੀਟ ਲੈਂਦੀ ਏ!

ਅੰਗੀਠੀ ਉਪਰ ਪਈ ਅਜ ਦੀ ਡਾਕ ਵਿਚ ਚਿੱਠੀ -- ਇਹ ਅੱਜ ਹੀ ਸਾਹਿਬ ਵਲੋਂ ਆਈ ਸੀ। ਤਨਖ਼ਾਹ ਦੀ ਵਧਾਈ, ਨਵੇਂ ਥਾਂ ਦੀਆਂ ਔਕੜਾਂ, ਨਜ਼ਾਰੇ, ਸੁਖ, ਚੰਗਿਆਈਆਂ, ਦਫ਼ਤਰ ਦੇ ਬਾਕੀ ਸਮਾਚਾਰ, ਨਵੀਆਂ ਪੁਛਾਂ ਤੋਂ ਵੱਖ ਮੋਤੀ ਬਾਬਤ ਵੀ ਲਿਖਿਆ ਸੀ:

'ਮੈਂ ਤੁਹਾਡੀ ਬੱਚੀ ਦਾ ਕੁੱਤਾ ਬੜੇ ਪਿਆਰ ਨਾਲ ਲਿਆਂਦਾ ਸੀ। ਮੈਨੂੰ ਉਹ ਬੜਾ ਪਸੰਦ ਆਇਆ, ਕੁੱਤਾ ਹੈ ਵੀ

-੫੫-