ਪੰਨਾ:ਆਂਢ ਗਵਾਂਢੋਂ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਗਰਾਹੀ ਦੇ ਇਕ ਦਿਨ ਸ਼ਾਮ ਨੂੰ ਉਹ ਫਰਮ ਦੀ ਗਦੀ ਤੇ ਨਾ ਮੁੜਿਆ। ਆਮ ਤੌਰ ਤੇ ਉਹ ਪੰਜ ਵਜੇ ਤੋਂ ਪਹਿਲਾਂ ਮੁੜ ਆਇਆ ਕਰਦਾ ਸੀ। ਜਦ ਸਤ ਵਜ ਗਏ ਅਤੇ ਉਹ ਨਾ ਆਇਆ ਤਾਂ ਫਰਮ ਦੇ ਮਾਲਕਾਂ ਨੂੰ ਚਿੰਤਾ ਹੋਈ, ਫਰਮ ਤੋਂ ਉਸ ਦੇ ਘਰ ਆਦਮੀ ਗਿਆ, ਪਰ ਉਹ ਘਰ ਨਹੀਂ ਸੀ, ਪਰੰਤੂ ਜੋ ਲੋਕੀਂ ਉਸ ਨੂੰ ਜਾਣਦੇ ਸਨ ਉਨ੍ਹਾਂ ਵਿਚੋਂ ਕਿਸੇ ਦੇ ਦਿਲ ਵਿਚ ਵੀ ਉਸ ਦੇ ਗੁੰਮ ਹੋ ਜਾਣ ਨਾਲ ਬੇਈਮਾਨੀ ਦਾ ਸ਼ਕ ਨਹੀਂ ਹੋਇਆ। ਸਭ ਨੂੰ ਇਹ ਫਿਕਰ ਸੀ ਕਿ 'ਉਹ ਕਿਸੇ ਔਕੜ ਵਿਚ ਤਾਂ ਨਹੀਂ ਪੈ ਗਿਆ। ਪੁਲੀਸ ਨੇ ਉਸ ਸੰਬੰਧੀ ਖੋਜ ਕੀਤੀ। ਉਸ ਨੇ ਨੌਂ ਥਾਂਵਾਂ ਤੋਂ ਨਕਦ ਰੁਪਿਆ ਉਗਰਾਹਿਆ ਸੀ। ਅਖੀਰਲੀ ਵਸੂਲੀ ਉਸ ਨੇ ਤਿੰਨ ਵਜੇ ਦੇ ਕਰੀਬ ‘ਬੜੇ ਬਜ਼ਾਰ' ਦੀ ਇਕ ਦੁਕਾਨ ਤੋਂ ਕੀਤੀ ਸੀ। ਉਸ ਵਕਤ ‘ਮਨੀਮ ਜੀ' ਕੋਲ ਪੈਂਠ ਹਜ਼ਾਰ ਤੋਂ ਕੁਝ ਵਧ ਰੁਪਇਆ ਹੋਵੇਗਾ। ਇਸ ਤੋਂ ਪਿਛੋਂ, ਉਸ ਦਾ ਕੋਈ ਪਤਾ ਨਹੀਂ ਸੀ ਲਗਦਾ। ਕਲਕਤੇ ਦੇ ਮਾੜੇ ਮੁਹੱਲਿਆਂ ਵਿਚ ਕਈ ਥਾਂ ਤਲਾਸ਼ੀ ਲਈ ਗਈ। ਪੁਲਿਸ ਦੇ ਰਜਿਸਟਰ ਤੇ ਨਾਂ ਚੜ੍ਹੇ ਹੋਏ ਗੁੰਡਿਆਂ ਤੇ ਜਾਸੂਸਾਂ ਨੇ ਇਕ ਰਾਤ ਨਿਗਾਹ ਰਖੀ ਪਰ ਕੋਈ ਸਿੱਟਾ ਨਾ ਨਿਕਲਿਆ। ਕਲਕਤੇ ਤੋਂ ਬਾਹਰ ਤਾਰ ਭੇਜੇ ਗਏ। ਰੇਲਵੇ ਸੋਟਸ਼ਨਾਂ ਤੇ ਪੁਲਿਸ ਹਰ ‘ਭਲੇਮਾਣਸ’ ਨੂੰ ਪੂਰੇ ਗਹੁ ਨਾਲ ਵੇਖਦੀ। ਗਡੀਆਂ ਦੀ ਫੋਲਾ ਫਾਲੀ ਕੀਤੀ ਗਈ। ਫਰਮ ਦੇ ਮਾਲਕਾਂ ਅਤੇ ਪੁਲਿਸ ਨੂੰ ਨਿਸਚਾ ਹੋ ਗਿਆ ਕਿ ਗੁੰਡਿਆਂ ਨੇ ਮੁਨੀਮ ਜੀ ਤੋਂ ਰੁਪਏ ਖੋਹ ਕੇ ਉਸ ਨੂੰ ਗੰਗਾ ਵਿਚ ਰੋੜ ਦਿਤਾ ਹੈ ਅਤੇ ਉਸ ਦੀ ਲਾਸ਼ ਮਗਰ-ਮਛਾਂ ਦੇ ਢਿੱਡ ਦਾ ਭੋਜਨ ਬਣ ਚੁੱਕੀ ਹੈ। ਪੁਲਿਸ ਕਹਿਣ ਲਗੀ ‘ਕਈ ਬਦਮਾਸ਼ ਬਹੁਤ ਚਿਰ ਤੋਂ ਮੌਕਾ ਦੇਖ ਰਹੇ ਸਨ' ਸਿਰਫ ਇਕ ਬੰਦਾ, ਜਦ ਉਸ ਨੇ ਅਖਬਾਰ ਵਿਚ ਇਹ ਸਭ ਕੁਝ ਪੜ੍ਹਿਆ ਤਾਂ ਮੁਸਕ੍ਰਾਇਆ। ਉਹ ਸੀ ਮੁਨੀਮ ਸ਼ਿਆਮ ਲਾਲ।

-੭੧-