ਪੰਨਾ:ਆਂਢ ਗਵਾਂਢੋਂ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿਮੀਂਦਾਰ ਸਾਹਿਬ ਤੈਨੂੰ ਜਿਉਂਦਾ ਨਹੀਂ ਛੱਡਣਗੇ।'

'ਕੀ ਕਰਾਂ ਪੁਜਾਰੀ ਜੀ! ਮੈਂ ਬਿਲਕੁਲ ਲਾਚਾਰ ਹਾਂ। ਕਈ ਦਿਨਾਂ ਤੋਂ ਬੁਖ਼ਾਰ ਆਉਂਦਾ ਹੈ। ਰਸੀ ਫੜ ਕੇ ਦੋ ਮੁਠਾਂ ਕਿਧਰੇ ਖਵਾ ਲਿਆਵਾਂਗਾ, ਪਰ ਸਿਰ ਬੁਖ਼ਾਰ ਨਾਲ ਚਕਰੌਂਦਾ ਪਿਆ ਹੈ, ਪਤਾ ਨਹੀਂ ਕਿਸ ਵੇਲੇ ਡਿਗ ਪਵਾਂ।'

'ਤਾਂ ਇਹਨੂੰ ਖੋਲ੍ਹ ਛਡ, ਆਪੇ ਹੀ ਕੁਝ ਖਾ ਪੀ ਲਵੇ।'

‘ਕਿਵੇਂ ਖੋਲ ਦਿਆਂ ਪੁਜਾਰੀ ਜੀ! ਲੋਕਾਂ ਦੇ ਧਾਨ ਅਜੇ ਖਲਵਾੜਿਆਂ ਵਿਚ ਹੀ ਪਏ ਹਨ। ਪੁਆਲ ਵੀ ਤਾਂ ਹਾਲੀਂ ਬਾਹਰ ਪਿਆ ਹੈ। ਮੈਦਾਨ ਵਿਚ ਜੇ ਕੁਝ ਘਾਹ ਬੂਟਾ ਹੈ ਸੀ, ਉਹ ਗਰਮੀ ਨਾਲ ਸੜ ਗਿਆ ਹੈ, ਕਖ ਨਹੀਂ ਬਚਿਆ। ਇਹ ਖਵਰੇ ਕਿਸੇ ਦੇ ਧਾਨ ਵਿਚ ਮੂੰਹ ਜਾ ਪਾਏ? ਕਿਸੇ ਦੀ ਪਰਾਲ ਖਾਣ ਲਗੇ, ਕਿਵੇਂ ਇਸ ਨੂੰ ਖੋਲ੍ਹ ਦਿਆਂ, ਕੌਣ ਲਿਹਾਜ਼ ਕਰਦਾ ਹੈ?'

ਪੁਜਾਰੀ ਤਰਕ-ਰਤਨ ਨਰਮ ਹੋ ਗਏ:

'ਇਸ ਨੂੰ ਖੋਲ੍ਹਣਾ ਨਹੀਂ ਚਾਹੁੰਦਾ ਤਾਂ ਛਾਵੇਂ ਬਨ੍ਹ ਕੇ ਹੀ ਚਾਰ ਪੱਠੇ ਪਰਾਲ ਪਾ ਦੇ, ਮੂੰਹ ਮਾਰਦਾ ਰਹੇਗਾ।'

‘ਚੰਗਾ ਜੀ.......', ਪਰ ਆਖਣਾ ਕੁਝ ਹੋਰ ਚਾਹੁੰਦਾ ਸੀ।

‘ਭਤ ਤਾਂ ਚਾੜ੍ਹਿਆ ਹੋਵੇਗਾ, ਪਿਛ ਤੇ ਪਾਣੀ ਹੀ ਇਕ ਕੂੰਡੇ ਵਿਚ ਪਾ ਕੇ ਅਗੇ ਚਾ ਰਖ ਸੂ।'

ਗਫੂਰ ਨੇ ਕੋਈ ਉਤਰ ਨਾ ਦਿਤਾ, ਚੁਪ-ਚਾਪ ਤਰਕ-ਤਰਨ ਵਲ ਵੇਖਦਾ ਰਿਹਾ, ਉਸ ਦੇ ਮੂੰਹ ਵਿਚੋਂ ਇਕ ਠੰਢੀ ਆਹ ਨਿਕਲੀ।

ਤਰਕ-ਰਤਨ ਬੋਲਿਆ:

'ਇਹ ਵੀ ਨਹੀਂ ਹੋ ਸਕਦਾ ਤੇਥੋਂ? ਪਰਾਲ ਕਿਥੇ ਕੀਤੀ ਊ? ਐਤਕੀਂ ਸਾਂਝ ਵਿਚੋਂ ਜੋ ਕੁਝ ਮਿਲਿਆ ਸੀ ਕੀ ਸਾਰਾ ਕੁਝ ਵੇਚ ਖਾਧਾ ਈ? ਇਸ ਵਿਚਾਰੇ ਬੌਲਦ ਲਈ ਕੁਝ ਵੀ ਨਹੀਂ ਰਹਿਣ ਦਿਤਾ, ਜ਼ਾਲਮ! ਕਸਾਈ।'

-੮੪-