ਪੰਨਾ:ਆਂਢ ਗਵਾਂਢੋਂ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਸ਼ੂ ਚਰਾਣ ਵਾਲਾ ਮੈਦਾਨ ਵੀ ਪੈਸਿਆਂ ਦੇ ਲਾਲਚ ਵਿਚ ਆ ਕੇ ਲਗਾਨ ਉਪਰ ਦੇ ਦਿਤਾ। ਮੈਂ ਇਸ ਕਾਲ ਦੇ ਸਮੇਂ ਵਿਚ ਤੈਨੂੰ ਕਿਵੇਂ ਜੀਉਂਦਾ ਰਖ ਸਕਾਂਗਾ? ਤੈਨੂੰ ਜੇ ਛਡ ਦਿਤਾ ਤਾਂ ਤੂੰ ਦੂਜਿਆਂ ਦੇ ਖੇਤ ਖਾਏਂਗਾ, ਲੋਕਾਂ ਦੇ ਕੇਲਿਆਂ ਦੇ ਬ੍ਰਿਛ ਤੋੜ ਦਏਂਗਾ। ਮੈਂ ਕੀ ਕਰਾਂ? ਤੇਰੇ ਵਿਚ ਵੀ ਹੁਣ ਤਾਕਤ ਨਹੀਂ ਰਹੀ। ਕੋਈ ਤੈਨੂੰ ਮੁਲ ਵੀ ਨਹੀਂ ਲਵੇਗਾ। ਲੋਕੀ ਕਹਿੰਦੇ ਨੇ ਤੈਨੂੰ ਕਸਾਈ ਕੋਲ ਵੇਚ..................ਉਹ ਇਸ ਪੰਗਤੀ ਨੂੰ ਪੂਰਾ ਨਾ ਕਰ ਸਕਿਆ, ਉਸ ਦਾ ਗਲਾ ਭਰ ਆਇਆ, ਅੱਖਾਂ ਵਿਚੋਂ ਤ੍ਰਿਮ ਤ੍ਰਿਮ ਹੰਝੂ ਵਗ ਤੁਰੇ। ਇਕ ਹਥ ਨਾਲ ਅੱਥਰੂ ਪੂੰਝ, ਏਧਰ ਉਧਰ ਵੇਖ, ਫੇਰ ਟੁਟੀ ਹੋਈ ਝੌਂਪੜੀ ਵਿਚ ਜਾ ਕੇ, ਗਫੂਰ ਨੇ ਛਪਰ ਵਿਚੋਂ ਪਰਾਲੀ -- ਕਾਲੀ ਤੇ ਪੁਰਾਣੀ ਪਰਾਲੀ - ਖਿਚ ਕੇ ਮਹੇਸ਼ ਦੇ ਅਗੇ ਆਣ ਰਖੀ ਤੇ ਮੱਧਮ ਜਹੀ ਅਵਾਜ਼ ਵਿਚ ਆਖਿਆ:

'ਲੈ, ਛੇਤੀ ਇਹਨੂੰ ਖਾ ਲੈ ਪੁਤਰ, ਨਹੀਂ ਤਾਂ ਫਿਰ.............!'

'ਅਬਾ?'

'ਕਿਉਂ ਪੁਤਰੀ?'

‘ਭਤ ਤਿਆਰ ਹੋ ਗਿਆ ਹੈ, ਆ ਕੇ ਖਾ ਲੈ।'

ਇਹ ਆਖਦੀ ਹੋਈ ਅਮੀਨਾ ਕੋਠੜੀ ਦੇ ਬੂਹੇ ਵਿਚ ਆ ਕੇ ਖੜੋ ਗਈ, ਇਕ ਮਿੰਟ ਪਿਤਾ ਅਤੇ ਮਹੇਸ਼ ਵਲ ਵੇਖਦੀ ਹੋਈ ਬੋਲੀ:

‘ਮਹੇਸ਼ ਨੂੰ ਫੇਰ ਛਪਰ ਖੁਵਾ ਰਹੇ ਹੋ ਅਬਾ?'

ਗਫੂਰ ਏਸੇ ਗਲੋਂ ਡਰ ਰਿਹਾ ਸੀ, ਸ਼ਰਮਾ ਕੇ ਬੋਲਿਆ:

‘ਪੁਰਾਣੀ ਸੜੀ ਹੋਈ ਪਰਾਲ ਹੈ ਬੇਟੀ, ਆਪ ਵੀ ਤਾਂ ਏਸ ਨੇ ਨਿਕਲ ਨਿਕਲ ਕੇ ਡਿਗ ਹੀ ਪੈਣਾ ਸੀ ਨਾ।'

'ਮੈਂ ਕੋਠੜੀ ਦੇ ਅੰਦਰੋਂ ਅਬਾ ਪਰਾਲ ਖਿਚਣ ਦੀ ਅਵਾਜ਼ ਸੁਣੀ ਸੀ।'

-੮੯-