ਪੰਨਾ:ਉਸਦਾ ਰੱਬ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਕਿਧਰੇ ਉਸ ਜਬ੍ਹਲ ਜਿਹੇ ਨਾਲ ਇਹ ਘਾਲਾ ਮਾਲਾ ਈ ਨਾ ਕਰਦੀ ਹੋਵੇ । ਹੋ ਸਕਦੈ ਉਸ ਕੋਲੋਂ ਈ ਇਸ ਨੂੰ ਪੈਸੇ ਆਉਂਦੇ ਹੋਣ ਜਿਨ੍ਹਾਂ ਨੂੰ ਇਹ ਸਾਂਭ ਸਾਂਭ ਰੱਖਦੀ ਹੋਵੇ । ਤਦੇ ਇਹ ਮੂੰਹ 'ਚ ਘੁੰਗਣੀਆਂ ਪਾਈ ਰਖਦੀ ਹੈ । ਜਦੋਂ ਇਸਦੇ ਮਨ ਤੇ ਬਹੁਤਾ ਬੋਝ ਪੈਦਾ ਹੋਏਗਾ, ਮਨ ਦੀ ਗੱਲ ਨੂੰ ਬਹੁਤੀ ਦੇਰ ਛੁਪਾ ਨਹੀਂ ਸਕਦੀ ਤਾਂ ਰੋ ਕੇ ਭੜਾਸ ਕਢ ਲੈਂ ਦੀ ਹੋਏਗੀ ।
ਆਪਣੀ ਉਬਲ ਪੁਬਲ ਤੇ ਕਾਬੂ ਪਾਉਂਦੀਆਂ ਮੈਂ ਮਨ ਹੀ ਮਨ ਸੋਚਿਆ ਕਿ ਕਿਧਰੇ ਇਨ੍ਹਾਂ ਨੂੰ ਚੋਰੀ ਕਰਦਿਆਂ ਈ ਫੜਾਂ ਤਾਂ ਇਸਨੂੰ ਇਸ਼ਕ ਦਾ ਮਜ਼ਾ ਚੰਗੀ ਤਰ੍ਹਾਂ ਈ ਚਖਾ ਦਿਆਂ । ਪਰ ਅਜੇ ਹਨੇਰੇ 'ਚ ਹੱਥ ਮਾਰਨ ਦਾ ਕੀ ਐ । ਮੈਂ ਉਸਨੂੰ ਪੁੱਛਦਾ ਕਿ "ਅੱਜ ਕਿਸੇ ਦੀ ਯਾਦ ਕਿਵੇਂ ਆ ਗਈ ਅਚਾਨਕ ?" ਕਿਸੇ ਨੂੰ ਯਾਦ ਕਰਨਾ ਤਾਂ ਕੋਈ ਗੁਨਾਹ ਨਹੀਂ।" ਉਸਨੇ ਸਹਿਜ ਸੁਭਾ ਈ ਜੁਆਬ ਦਿੱਤਾ । ਉਸਦੇ ਚਿਹਰੇ ਤੇ ਕੋਈ ਡਰ ਨਹੀਂ, ਕੋਈ ਸ਼ੱਕ ਨਹੀਂ । ਮੈਂ ਉਸ ਨਾਲ ਆਪਣੇ ਆਪ ਨੂੰ ਤੋਲ ਕੇ ਵੇਖਿਆ ਤਾਂ ਮੇਰਾ ਪਲੜਾ ਭਾਰੀ ਨਜ਼ਰੀਂ ਆਇਆ । ਮੇਰੇ ਹਰ ਗੁਨਾਹ ਦਾ ਉਸਨੂੰ ਇਲਮ ਹੈ, ਪਰ ਉਸ ਤੇ ਮੈਨੂੰ ਸਿਰਫ ਸ਼ੱਕ ਹੀ ਹੈ ।
ਉਹ ਪਾਣੀ ਦਾ ਗਿਲਾਸ ਲਿਆਈ ਤਾਂ ਉਸ ਨੇ ਹੱਥ ਕੱਛ'ਚ ਦਬਿਆ ਹੋਇਆ ਸੀ। ਉਸੇ ਤਰ੍ਹਾਂ ਜਿਵੇਂ ਮੇਰੇ ਅੰਦਰ ਆਉਣ ਤੇ ਸੀ । ਸਾਇਕਲ ਖੜਾ ਕਰਨ ਤੇ ਖੜਾਕ ਨਾਲ ਉਹ ਚੌਕੰਨੀ ਹੋ ਗਈ ਸੀ । ਕਾਹਲ 'ਚ ਟਰੰਕ ਬੰਦ ਕਰਦਿਆਂ ਸ਼ਾਇਦ ਉਹਦਾ ਹੱਥ ਟਰੰਕ 'ਚ ਫਸ ਗਿਆ ਸੀ । ਛੇਤੀ ਨਾਲ ਟਰੰਕ ਨੂੰ ਜੰਦਾ ਲਗਾ ਕੇ ਕਿਵੇਂ ਸ਼ਰਮਿੰਦੀ ਜਿਹੀ ਹੋਈ ਖੜ੍ਹੀ ਸੀ । "ਕੀ ਹੋਇਐ ਹੱਥ ਨੂੰ ?" ਪਤਾ ਹੁੰਦਿਆਂ ਵੀ ਮੈਂ ਪੁੱਛਿਆ । “ਸਾਂਭ ਕੇ ਰੱਖੀਆਂ ਕੁਝ ਯਾਦਾਂ ਕੁਰੇਦ ਰਹੀ ਸਾਂ ਕਿ ਡਰ ਕੇ ਟਰੰਕ 'ਚ ਹੱਥ ਆ ਗਿਆ ।" ਮੈਨੂੰ ਗਲਾਸ ਫੜਾਉਂਦਿਆਂ ਉਸਨੇ ਕਿਹਾ।
ਮੈਂ ਬਜਾਏ ਉਸਦਾ ਹੱਥ ਫੜ ਕੇ, ਪਲੋਸਣ ਦੇ ਉਸਨੂੰ ਝਿੜਕਣ ਲੱਗ ਪਿਆ । ਐਵੇਂ ਈ ਝਾੜ ਝੰਬ, ਜਿਹੀ ਕਰੀ ਜਾਣਾ, ਉਸਨੂੰ ਚਿੜਾ ਕੇ ਰੱਖਣਾ, ਮੇਰੀ ਆਦਤ ਜਿਹੀਂ ਬਣ ਚੁੱਕੀ ਹੈ । ਇਉਂ ਇਸਨੂੰ ਫ਼ਜੂਲ ’ਚ ਤੰਗ ਕਰਦਿਆਂ ਮੈਂ ਸੋਚਦਾ ਵੀ ਹਾਂ ਕਿ ਇਹ ਆਦਤ ਰੋਕੀ ਜਾਏ । ਪਰ ਕਦੇ ਲਾਡ 'ਚ ਕਦੇ ਆਕੜ 'ਚ ਕਦੇ ਗੁੱਸੇ 'ਚ ਇਸਨੂੰ ਚਿੜਾ ਕੇ ਖੁਸ਼ ਹੁੰਦਾ ਹਾਂ । ਇਹ ਹੈ ਕਿ ਹਫਤਾ ਹਫਤਾ ਆਪਣਾ ਖੂਨ ਫੂਕਦੀ ਰਹਿੰਦੀ ਹੈ ।

"ਦੇਖ ਹੋਰ ਸੁਆਦ ਪੈਸੇ ਲੁਕੋਣ ਦਾ !" ਮੈਂ ਗੱਲ ਅੱਗੇ ਤੋਰਨ ਲਈ ਟਾਂਚ ਕੀਤੀ । ਉਹਦੀਆਂ ਅੱਖਾਂ 'ਚ ਤਾਂ ਜਿਵੇਂ ਸੌਣ ਭਾਦੋਂ ਦੀ ਝੜੀ ਹੀ ਲੱਗ ਗਈ । "ਇਹ ਵੀ ਕੋਈ ਸ਼ਗਨਾਂ ਦਾ ਤੋਹਫੈ ਜਿਸਨੂੰ ਲਕੋਂਦੀ ਫਿਰਦੀ ਐ। ਵਿਆਹ ਵਾਲਾ ਸ਼ਗਨਾਂ ਦਾ ਤੋਹਫਾ ਤੂੰ ਕਿੰਨੀ ਦੇਰ ਸਾਂਭ ਸਾਂਭ ਰਖਿਆ ਪਰ ਉਹ ਤਾਂ ਮੁੰਡੇ ਦੀ ਬਿਮਾਰੀ ਤੇ ਈ ਲਗ ਗਿਆ ਸੀ। ਹੁਣ ਕਿਹੜੇ ਸ਼ਗਨਾਂ ਦਾ ਤੋਹਫਾ ਦਬਾਉਂਦੀ ਫਿਰਦੀ ਐਂ ?" ਮੈਂ ਜਬ੍ਹਲ ਜਿਹੇ ਤੇ ਪੈਸੇ ਦੇਣ ਦਾ ਸ਼ੱਕ ਕਰਦਿਆਂ ਉਸਤੇ ਐਵੇਂ ਲੈਕਚਰ ਜਿਹਾ ਝਾੜਿਆ। ਉਹ ਹੰਝੂ ਪੂੰਝਦੀ ਰਹੀ ਅਤੇ ਮੈਂ ਅੰਦਰੇ ਅੰਦਰ ਸੋਚਦਾ ਰਿਹਾ "ਪਰ ਯਾਰ ਮੈਂ ਇਹਨੂੰ

ਉਸਦਾ ਰੱਬ/11