ਪੰਨਾ:ਉਸਦਾ ਰੱਬ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਗੁੱਸੇ 'ਚ ਮੁੱਕਾ ਵੱਟਦਿਆਂ ਕਿਹਾ | "ਅੱਛਾ, ਹੁਣ ਇਹ ਵੀ ਬੈਂਕ 'ਚ ਰੱਖਾਂ ?" ਉਹਨੇ ਹੈਰਾਨ ਹੁੰਦੀ ਨੇ ਕਿਹਾ । "ਤੂੰ ਆਪ ਵੀ ਤਰਸਦੀ ਰਹਿੰਨੀ ਐਂ... ਤੇਰਾ ਖੁਦ ਮੂੰਗਫਲੀ ਖਾਣ ਨੂੰ ਜੀਅ ਕਰੇ ...ਰੇਹੜੀ ਵੱਲ ਵੇਖਦੀ ਰਹਿ ਜਾਨੀ ਐ...ਜੁਆਕ ਬਿਰ ਬਿਰ ਕਰਦੇ ਰਹਿੰਦੇ ਨੇ...ਬਚਾਰਿਆਂ ਦੇ ਨਿਕਰ ਕਮੀਜ਼ਾਂ ਮੇਰੇ ਪੈਂਟਾ ਕਮੀਜ਼ਾਂ'ਚੋਂ ਬਣਦੀਆਂ ਨੇ...ਤੇ ਫ਼ੇਰ ਝੱਗਾ ਬਣਦੈ ਨਿਕਰ ਪਾਟ ਜਾਂਦੀ ਐ, ਨਿਕਰ ਬਣਦੀ ਐ ਕਮੀਜ ਪਾਟ ਜਾਂਦੀ ਐ ... ਤੂੰ ਆਪਣੇ ਈ ਕਪੜਿਆਂ ਨੂੰ ਦੇਖ ਕਿਵੇਂ ਘਸੇ ਪਏ ਨੇ...ਥੋੜ੍ਹੀ ਹਵਾ ਤੇਜ਼ ਚਲ ਪਏ ਫਟ ਫਟ ਕਰਨ ਲੱਗ ਪੈਂਦੇ ਨੇ ।" ਮੈਂ ਗਿੱਲੇ ਗੋਹਿਆਂ ਦੇ ਧੂੰਏਂ ਵਾਗੂੰ ਉਤੇ ਈ ਉਤੇ ਚੜ੍ਹਦਾ ਜਾ ਰਿਹਾ ਸਾਂ । “ਚਲੋ ਤੁਸੀਂ ਰੱਖ ਲਉ ਬੈਂਕ 'ਚ !"ਉਸ ਨੇ ਜਿਵੇਂ ਮੇਰੀ ਸਮਰੱਥਾ ਨੂੰ ਲਲਕਾਰਿਆ ਹੋਵੇ ।
ਮੈਂ ਸੋਚਿਆ ਕਿ ਇਹਨਾਂ ਸਾਰੇ ਪੈਸਿਆਂ ਦਾ ਇਸ ਤੋਂ ਹਿਸਾਬ ਲਵਾਂਗਾ । ਇਸਦੀ ਸੰਘੀ ਤੇ ਅੰਗੂਠਾ ਰੱਖ ਕੇ ਪੁੱਛਾਂਗਾ ਕਿਵੇਂ ਆਏ ਇਹ ਪੈਸੇ । ਮੈਂ ਟਰੰਕ ਖੋਹਲਣ ਲੱਗਾ । ਉਹ ਵੀ ਮੇਰੇ ਕੋਲ ਆਉਣ ਲੱਗੀ। ਮੈਂ ਉਸਨੂੰ ਮੈਥੋਂ ਪਰਾਂ ਹੋ ਕੇ ਬੈਠਣ ਨੂੰ ਕਿਹਾ । ਦੋ ਕਲਾਂ ਵਾਲਾ ਜੰਦਾ ਖੁਲ੍ਹਣ ਨੂੰ ਦੇਰ ਲਾ ਰਿਹਾ ਸੀ !
ਟਰੰਕ ਖੁਲ੍ਹਿਆ ਤਾਂ ਮੈਂ ਦੇਖਿਆ ਸੱਚਮੁੱਚ ਟਰੰਕ ਵਿਚਲੇ ਉਸ ਸਭ ਕਾਸੇ ਦਾ ਹੋਰ ਕੋਈ ਕੁਝ ਵੀ ਨਹੀਂ ਸੀ ਲਗਦਾ । ਸਗੋਂ ਮੈਂ ਵੀ ਸੋਚਦਾ ਹੀ ਰਹਿ ਗਿਆ ਸਾਂ ਕਿ ਮੈਂ ਨੋਟਾਂ ਨਾਲੋਂ ਵੀ ਕੀਮਤੀ ਖਜ਼ਾਨਾ ਘਰ ਵਿੱਚ ਹੀ ਦੱਬ ਕੇ, ਬਾਹਰ ਪਤਾ ਨਹੀਂ ਕੀ ਕੀ ਲਭਦਾ ਪਤੰਗਬਾਜ਼ ਬਣ ਬੈਠਾਂ । ਉਹ ਵੀ ਉਠ ਕੇ ਮੇਰੇ ਕੋਲ ਆ ਗਈ । ਰੋਂਦੀ ਰੋਂਦੀ ਉਹ ਹੱਸ ਹੀ ਪਈ ਜਦੋਂ ਉਸਦੀ ਨਜ਼ਰ ਉਸਦੀ ਪੁਰਾਣੀ ਹੋ ਚੁੱਕੀ ਵਰੀ ਦੀ ਸਾੜ੍ਹੀ ਤੇ ਪਈ । ਜਿਸ ਉਤੇ ਵਿਆਹ ਤੋਂ ਬਾਅਦ ਦੇ ਦਿਨਾਂ ਦੀਆਂ ਮੇਰੀਆਂ ਭਾਵਕ ਜਿਹੀਆਂ ਚਿਠੀਆਂ ਖਿੱਲਰੀਆਂ ਪਈਆਂ ਸਨ, ਜਿਨ੍ਹਾਂ ਨੂੰ ਉਹ ਉਦੋਂ ਪੜ੍ਹਿਆ ਕਰਦੀ ਹੈ ਜਦੋਂ ਮੈਂ ਲੇਟ ਹੋ ਜਾਵਾਂ...|

ਉਸ ਦਾ ਰੱਬ/13