ਪੰਨਾ:ਉਸਦਾ ਰੱਬ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਂਗ ਤੜਫ਼ ਰਿਹਾ ਸੀ । ਮੈਨੂੰ ਲੱਗਾ ਜਿਵੇਂ ਮੈਨੂੰ ਨਾਵਲ ਬਿਨਾਂ ਹੀ ਪਰਤਣਾ ਪਏਗਾ ਅਤੇ ਦੋਸਤ ਪਬਲਿਸ਼ਰ ਨੂੰ ਕੀਤਾ ਵਾਅਦਾ ਲਾਰੇ ਵਿੱਚ ਬਦਲ ਜਾਵੇਗਾ ।
ਜੇ ਬੰਦਾ ਸਾਹਿਤਕ ਹੋਵੇ, ਫੇਰ ਤਾਂ ਗੱਲ ਬਣ ਵੀ ਸਕਦੀ ਹੈ, ਕਿ ਕਿਸੇ ਗੰਭੀਰ ਸਮੱਸਿਆ ਤੇ ਬਹਿਸ ਹੀ ਕੀਤੀ ਜਾ ਸਕਦੀ ਹੈ । ਇਹ ਬੰਦਾ ਪਤਾ ਨਹੀਂ ਕਿਹੋ ਜਿਹਾ ਹੋਏਗਾ । ਦੋਸਤ ਨੇ ਦੱਸ ਕੇ ਮੇਰੇ ਨਾਵਲ ਲਿਖਣ ਦੀ ਤਮੰਨਾ ਨੂੰ ਛੁਰੀ ਨਾਲ ਹਲਾਲ ਕਰ ਦਿੱਤਾ । ਸਾਰਾ ਪ੍ਰੋਗਰਾਮ ਭੰਗ ਕਰਕੇ ਮੇਰਾ ਨਾਵਲ ਜਿਵੇਂ ਫੀਤੀ ਫੀਤੀ ਕਰਕੇ ਦਰਿਆ ਵਿੱਚ ਸੁੱਟ ਦਿੱਤਾ ਗਿਆ ਹੋਵੇ ।...
ਮੈਂ ਅਜੇ ਇਸ ਸਥਿਤੀ ਨਾਲ ਘੋਲ ਹੀ ਕਰ ਰਿਹਾ ਸਾਂ ਕਿ ਮੇਰੇ ਦੋਸਤ ਨਾਲ ਕੋਈ ਗਿਲੇ ਸ਼ਿਕਵੇ ਸਾਂਝੇ ਕਰਦਾ ਸੁਣਾਈ ਦਿੱਤਾ “ਦੇਖੋ ਜੀ, ਤਿੰਨ ਸੌ ਅੱਠ ਵਾਲਿਆਂ ਅੱਜ ਫੇਰ ਨਲਕਾ ਖੁਲ੍ਹਾ ਛੱਡ ਕੇ ਰਾਹ ਵਿੱਚ ਚਿੱਕੜ ਕਰ ਦਿੱਤੈ ... ਤੇ ਮੈਂ ਤਿਲ੍ਹਕਦਾ ਤਿਲ੍ਹਕਦਾ ਮਸਾਂ ਈ...| "ਮੈਨੂੰ ਅੰਦਰ ਬੈਠਾ ਪੜ੍ਹ ਰਿਹਾ ਸਮਝ ਮੇਰਾ ਦੋਸਤ ਉਸ ਨੂੰ ਹੌਲੀ ਬੋਲਣ ਲਈ ਆਖ ਰਿਹਾ ਸੀ ।
“ਜੇ ਮੈਂ ਤੇਰੇ ਕੋਲ ਨਹੀਂ ਉੱਚੀ ਬੋਲਾਂਗਾ ਤਾਂ ਕਿੱਥੇ ਜਾ ਕੇ ਬੋਲਾਂ ? ਹੋਰ ਕਿਤੇ ਤਾਂ ਜੇ ਮੈਂ ਜ਼ਰਾ ਜਿੰਨਾ ਸਾਹ ਵੀ ਉੱਚਾ ਲਵਾਂ ਦਾ ਲੋਕੀ ਖਾਣ ਨੂੰ ਆਉਂਦੇ ਨੇ...।" ਉਸਦੀ ਜ਼ਿੱਦ ਤੋਂ ਮੈਂ ਅੰਦਾਜ਼ਾ ਲਾਇਆ ਕਿ ਇਹ ਉਹੀਉ ਮਹਾਸ਼ੇ ਹੈ ਜਿਸ ਬਾਰੇ ਮੈਨੂੰ ਆਉਦਿਆਂ ਹੀ ਦੱਸ ਦਿੱਤਾ ਗਿਆ ਸੀ |
"ਤੇਰਾ ਦੋਸਤ ਨ੍ਹੀਂ ਤਿਲ੍ਹਕ ਸਕਦਾ ?" ਉਹ ਤਿੰਨ ਸੌ ਅੱਠ ਵਾਲਿਆਂ ਨੂੰ ਆਪਣਾ ਗਿਲਾ ਸੁਨਾਉਣ ਲਈ ਪੂਰੀ ਟਿੱਲ ਲਾ ਰਿਹਾ ਸੀ ।
“ਉਹ ਤਾਂ ਲੇਖਕ ਐ ਬਈ...|" ਉਹ ਉਸਨੂੰ ਚੁੱਪ ਰਹਿਣ ਲਈ ਕਹਿ ਰਿਹਾ ਸੀ ਅਤੇ ਸੋਚ ਰਿਹਾ ਸੀ ਜਿਵੇਂ ਲੇਖਕ ਤਿਲ੍ਹਕ ਹੀ ਨਹੀਂ ਸਕਦਾ |
“ਹੈਂ ! ਉਹ ਲੇਖਕ ਐ ?" ਉਹ ਚੋਂਕ ਕੇ ਬੋਲਿਆ। ,
"ਉਹਨੂੰ ਤਾਂ ਮੈਨੂੰ ਮਿਲਣ ਦੇ ਯਾਰ, ਲੇਖਕ ਨੂੰ ਤਾਂ ਮਿਲਣ ਦੀ ਬਹੁਤ ਦੇਰ ਦੀ ਤਮੰਨਾ ਹੈ ਮੇਰੀ ...|" ਉਸ ਦੀ ਜ਼ਿੱਦ ਸੁਣ ਮੈਂ ਅੱਖਾਂ ਮੀਟ ਕੇ ਸੌਣ ਦਾ ਬਹਾਨਾ ਘੜ ਰਿਹਾ ਸਾਂ ।
"ਫੇਰ ਮਿਲੀਂ ਉਹਨੂੰ, ਇਸ ਸਮੇਂ ਉਹ ਆਰਾਮ ਕਰ ਰਿਹੈ |"
“ਨਹੀਂ ਨਹੀਂ, ਉਹ ਆਰਾਮ ਫੇਰ ਕਰ ਲਵੇਗਾ ...ਮੈਂ ਤਾਂ ਅੱਜ ਵੇਖਣਾ ਚਾਹੁੰਦਾ ਹਾਂ|"
ਮੇਰਾ ਦੋਸਤ ਮੇਰੀ ਵਕਾਲਤ ਕਰ ਰਿਹਾ ਸੀ ਪਰ ਉਹ ਪਤਾ ਨਹੀਂ ਕੀ ਵੇਖਣਾ ਚਾਹੁੰਦਾ ਸੀ ਜਿਵੇਂ ਲੇਖਕਾਂ ਨੂੰ ਸੁਰਖ਼ਾਬ ਦੇ ਖੰਭ ਲੱਗੇ ਹੁੰਦੇ ਹਨ । ਉਹ ਮੇਰੇ ਦੋਸਤ ਦੀ ਹਰ ਗੱਲ ਰੱਦ ਕਰਕੇ ਆਪਣੀ ਗੱਲ ਮੂਹਰੇ ਰੱਖ ਰਿਹਾ ਸੀ ।
ਇਸੇ ਤਰ੍ਹਾਂ ਗੱਲਾਂ ਕਰਦਾ ਕਰਦਾ ਉਹ ਅੰਦਰ ਆ ਗਿਆ । ਮੈਨੂੰ ਨਮਸਤੇ ਆਖ ਉਸ ਨੇ ਆਪਣੀ ਗੱਲ ਸ਼ੁਰੂ ਕਰ ਦਿੱਤੀ ।...

26/ਗੁਬਾਰ