ਪੰਨਾ:ਉਸਦਾ ਰੱਬ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੇ ਸਾਂ । ਸਾਡੀ ਦੋਹਾਂ ਦੀ ਮਿਹਨਤ ਸਦਕਾ ਉਹਦੀਆਂ ਆਦਤਾਂ ਬਹੁਤ ਚੰਗੀਆਂ ਬਣ ਰਹੀਆਂ ਸਨ । ਰਾਹ ਜਾਂਦੇ ਰਾਹੀਂ ਉਸਨੂੰ ਵੇਖਕੇ ਰੁਕ ਜਾਂਦੇ, ਉਸਨੂੰ ਪਿਆਰ ਕਰਕੇ ਜਾਂਦੇ । ਉਹ ਜਿਵੇਂ ਸਭ ਦਾ ਪਿਆਰ ਵੰਡਾਉਣ ਹੀ ਆਈ ਸੀ...।' ਉਸਦੀਆਂ ਯਾਦਾਂ ਹਉਕਿਆਂ ਸੰਗ ਨੈਣਾਂ ਥਣੀ ਪਾਣੀ ਬਣ ਬਣ ਨਿਕਲ ਰਹੀਆਂ ਸਨ ।
“ਉਹ ਜੀ, ਕੋਈ ਕੁੜੀ ਸੀ-ਨਿਰਾ ਟਹਿਕਦਾ ਫੁੱਲ ... ਗੱਲਾਂ ਕਰਦੀ ਸੀ, ਇਉਂ ਲਗਦਾ ਸੀ ਜਿਵੇਂ ਮੈਂ ਆਪਣੀ ਭੈਣ ਨਾਲ ਗੱਲ ਕਰ ਰਿਹਾ ਹੋਵਾਂ । ਉਸਦੀ ਹਰ ਗੱਲ ਵਡੇਰਿਆਂ ਵਾਲੀ ਹੁੰਦੀ ਸਕੂਲ ਵਿੱਚ ਹਰ ਸਾਲ ਜਮਾਤ ਵਿੱਚੋਂ ਅਵਲ ਆਉਂਦੀ... ਮੇਰੀਆਂ ਆਸਾਂ ਦੀ ਮੰਜ਼ਿਲ ਬਹੁਤ ਲੰਮੇਰੀ ਨਹੀਂ ਸੀ...|" ਉਸਨੂੰ ਬੋਲਦੇ ਬੋਲਦੇ ਨੂੰ ਜਿਵੇਂ ਸਾਹ ਚੜ੍ਹ ਗਿਆ ਪਰ ਉਹ ਮੈਨੂੰ ਬੋਲਣ ਨਹੀਂ ਸੀ ਦੇ ਰਿਹਾ ਅਤੇ ਇਕੋ ਸਾਹੇ ਰਾਮ ਕਹਾਣੀ ਮੇਰੇ ਪੱਲੇ ਪਾ ਦੇਣ ਨੂੰ ਕਾਹਲਾ ਪਿਆ ਹੋਇਆ ਸੀ ।
"ਇੱਕ ਦਿਨ ਖੇਡਦੀ ਖੇਡਦੀ ਦੇ ਉਸਦੇ ਅਜਿਹੀ ਸੱਟ ਵੱਜੀ ਕਿ ਉਸ ਦੇ ਜ਼ਖ਼ਮ ਤੇ ਬੰਨ੍ਹੀ ਪੱਗ ਵੀ ਸਾਰੀ ਦੀ ਸਾਰੀ ਲਹੂ ਨਾਲ ਨੁੱਚੜ ਗਈ । ਹਸਪਤਾਲ ਲਿਜਾਂਦਿਆਂ ਲਿਜਾਂਦਿਆਂ ਹੱਥਾਂ ਵਿੱਚ ਹੀ ਟਹਿਕਦਾ ਗੁਲਾਬ ਜਿਵੇਂ ਪੱਤੀ ਪੱਤੀ ਹੋ ਭੁਇੰ ਤੇ ਖਿੰਡਰ ਗਿਆ ।...ਮੇਰੀ ਬੱਚੀ... ਮੇਰੇ ਹੱਥਾਂ 'ਚ ਹੀ-|" ਕਹਿੰਦਿਆਂ ਉਹਦਾ ਗੱਚ ਜਿਹਾ ਭਰ ਆਇਆ, ਦੁਤਾਰਾ ਗੱਲ ਸ਼ੁਰੂ ਕਰਨ ਲਈ ਉਸਨੇ ਪਾਣੀ ਦਾ ਗਿਲਾਸ ਪੀਤਾ ।
ਮੇਰਾ ਵੀ ਗਲਾ ਖੁਸ਼ਕ ਜਿਹਾ ਸੀ । ਕਿਤੇ ਮੇਰੀ ਕਮਜ਼ੋਰੀ ਜ਼ਾਹਿਰ ਨਾ ਹੋ ਜਾਵੇ, ਮੈਂ ਉਠ ਕੇ ਬਾਥ ਰੂਮ ਚਲਾ ਗਿਆ। ਜਦੋਂ ਵਾਪਸ ਆਇਆ ਆਪਣੀ ਜਾਚੇ ਮੈਂ ਆਪਣੇ ਦਿਲ ਨੂੰ ਕਾਫ਼ੀ ਮਜ਼ਬੂਤ ਬਣਾ ਲਿਆ ਸੀ । ਆਪਣੇ ਆਪ 'ਚ ਦਲੇਰ ਬਣਿਆ ਮੈਂ ਫੇਰ ਉਹਦੇ ਮੂਹਰੇ ਆਣ ਬੈਠਾ ।
ਮੈਨੂੰ ਦੇਖਦਿਆਂ ਹੀ ਉਹ ਨੇ ਫੇਰ ਬੋਲਣਾ ਸ਼ੁਰੂ ਕੀਤਾ ਜਿਵੇਂ ਅਜੇ ਵੀ ਕੁਝ ਕਹਿਣਾ ਬਾਕੀ ਹੋਵੇ ।
“ਜਦੋਂ ਮਾਤਮ ਦੀ ਸਫ਼ ਫਰਸ਼ ਤੋਂ ਚੁੱਕ ਅਸੀਂ ਆਪਣੇ ਸ਼ਰੀਰਾਂ ਦੁਆਲੇ ਵਲ੍ਹੇਟ ਲਈ ਉਸਦਾ ਜਮਾਤੀ ਟੀਪੂ ਮੈਨੂੰ ਸਹਿਜ ਸੁਭਾਅ ਹੀ ਕਹਿ ਗਿਆ ਕਿ 'ਅੱਜ ਅੰਜੂ ਦਾ ਸਕੂਲ 'ਚੋਂ ਨਾਂ ਕੱਟ ਦਿੱਤਾ ਗਿਆ ਹੈ, ਜਦੋਂ ਕਿ ਉਸਦਾ ਨਾਂ ਇਸ ਦੁਨੀਆਂ 'ਚੋਂ ਕੱਟਿਆਂ ਦੋ ਹਫਤੇ ਹੋ ਗਏ ਸਨ....|"
ਮੇਰੇ ਸ਼ਰੀਰ 'ਚੋਂ ਬਰਥਰਾਉਂਦੀ ਬਿਜਲੀ ਜਿਹੀ ਲੰਘ ਗਈ । ਮੈਂ ਫੇਰ ਆਪਣੀਆਂ ਅੱਖਾਂ ਛੁਪਾਉਣ ਲਈ ਫਰਿੱਜ ਜਾ ਖੋਲ੍ਹਿਆ ਸੀ ਅਤੇ ਉਹਨਾਂ ਵੱਲ ਪਿੱਠ ਕਰੀਂ ਬੋਤਲ ਨੂੰ ਹੀ ਮੂੰਹ ਲਾ ਕੇ ਪਾਣੀ ਪੀਣ ਲੱਗ ਪਿਆ ।
ਵਾਪਸ ਆਕੇ ਬੈਠਿਆ ਤਾਂ ਮੈਂ ਉਸ ਨਾਲ ਅੱਖਾਂ ਨਹੀਂ ਸਾਂ ਮਿਲਾ ਸਕਦਾ । ਛੱਤ ਵੱਲ ਹੀ ਦੇਖੀ ਜਾ ਰਿਹਾ ਸਾਂ ।
"ਤਸੀਂ ਬੋਰ ਤਾਂ ਹੋਏ ਹੋਵੇਗੇ ਮੇਰੀਆਂ ਗੱਲਾਂ ਸੁਣਕੇ ਪਰ..|" ਮੇਰੇ ਨਹੀਂ

28/ਗੁਬਾਰੇ