ਪੰਨਾ:ਉਸਦਾ ਰੱਬ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਂਦਾ । ਡੀ. ਈ. ਓ. ਪਤਾ ਨਹੀਂ ਕੀ ਪੁੱਛ ਕੇ ਜਵਾਬ ਨਾ ਮਿਲਣ ਦੀ ਸੂਰਤ ਵਿਚ
"ਹਰਖ ਬੈਠੇ ।"
"ਹੈਡ-ਟੀਚਰ ਕਿੱਥੇ ਗਈ ਐ ?"
“ਬੀ. ਈ. ਓ. ਆਫਿਸ ਗਏ ਨੇ !”
“ਕਿੰਨੀ ਕੁ ਵਾਰੀ ਜਾਂਦੇ ਨੇ ਬੀ. ਈ. ਓ. ਆਫਿਸ ?"
“ਮੈਂ ਤਾਂ ਅਜੇ ਹੁਣੇ ਜਾਇਨ ਕੀਤੈ...ਪਤਾ ਨ੍ਹੀ ਕੁਝ ।"
“ਇਹ ਕਿਹੜੀ ਜਮਾਤ ਐ ?"
“ਜਮਾਤ ਤਾਂ ਤੀਜੀ ਹੈ ਪਰ...ਇਹਨਾਂ ਨੂੰ ਅਜੇ ... !"
“ਚਲ ਤੂੰ ਛੁੱਟੀ ਕਰ ਕਬਾੜ ਨੂੰ... ਆਵੇ ਚਾਹੇ ਨਾ ਆਵੇਂ ਤੈਨੂੰ ਇਹਦੇ ਨਾਲ ਕੀ !"
ਇੰਦਰ ਇੱਕ ਦਮ ਹਰਖ ਗਿਆ । ਪਤਾ ਨਹੀਂ ਉਹ ਨਵਦੀਪ ਤੇ ਹਰਖਿਆਂ ਸੀ ਜਾਂ ਆਪਣੇ ਹੀ ਵਧਦੇ ਜਾਂਦੇ ਸੁਆਲਾਂ ਤੇ । ਪਰ ਨਵਦੀਪ ਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਇੰਦਰ ਨੂੰ ਬੱਚਿਆਂ ਨੂੰ ਕੁਝ ਆਉਣ ਨਾ ਆਉਣ ਨਾਲ ਕੋਈ ਸਰੋਕਾਰ ਨਹੀਂ । ਉਸਨੂੰ ਜਮਾਤ ਵਿੱਚ ਕੋਈ ਦਿਲਚਸਪੀ ਨਹੀਂ। ਉਹ ਇਨਸਪੈਕਸ਼ਨ ਕਰਨ ਨਹੀਂ ਆਪਣੇ ਹੀ ਕਿਸੇ ਕੰਮ ਆਇਆ ਲਗਦਾ ਸੀ ।
ਨਵਦੀਪ ਨੂੰ ਰੂੜੀਆਂ ਤੋਂ ਕਬਾੜ ਚੁਗਦੇ ਬੱਚਿਆਂ ਦਾ ਖਿਆਲ ਆਇਆ ਜਿਹੜੇ ਸਾਰਾ ਸਾਰਾ ਦਿਨ ਕਬਾੜ ਨਾਲ ਕਬਾੜ ਹੋਏ ਰਹਿੰਦੇ ਹਨ । ਪਰ ਇੰਦਰ ਤਾਂ ਇਹਨਾਂ ਨੂੰ ਵੀ ਕਬਾੜ ਹੀ ਕਹਿ ਰਿਹਾ ਸੀ । ਉਸਨੂੰ ਲੱਗਾ ਜਿਵੇਂ ਸੱਚਮੁੱਚ ਹੀ ਪਿੰਡ ਦੇ ਲੋਕਾਂ ਨੇ ਆਪਣੇ ਘਰਾਂ ਦਾ ਕਬਾੜ ਹੂੰਝ ਕੇ ਸਕੂਲ ਵਿੱਚ ਲਿਆ ਸੁਟਿਆ ਹੋਵੇ । ਪਰ ਇਹ ਤਾਂ ਉਹੀ ਬੱਚੇ ਸਨ ਜਿਹਨਾਂ ਬਾਰੇ ਸੋਚ ਸੋਚ ਕੇ ਉਹਨੇ ਮਾਸਟਰੀ ਦਾ ਕਿੱਤਾ ਅਪਣਾਇਆ ਸੀ । ਡੀ. ਈ. ਓ. ਦੀ ਗੱਲ ਸੁਣ ਕੇ ਉਹ ਪਾਰੇ ਵਾਂਗ ਕੰਬ ਗਿਆ ਸੀ ।
ਪਹਿਲਾਂ ਤਾਂ ਉਹ ਦਿਲ ਅਧਿਆਪਕਾਂ/ਅਧਿਆਪਕਾਵਾਂ ਵੱਲੋਂ ਫਿੱਕਾ ਪਿਆ ਸੀ । ਅਤੇ ਹੁਣ ਅਫਸਰ ਵੀ ਇਹੋ ਜਿਹੀਆਂ ਗੱਲਾਂ ਕਰਦਾ ਸੁਣ ਉਹ ਆਪਣੇ ਇਰਾਦਿਆਂ ਤੋਂ ਥਿੜ੍ਹਕ ਗਿਆ ਲਗਦਾ ਸੀ | ਪਛੜੀਆਂ ਸ਼੍ਰੇਣੀਆਂ ਦੇ ਜੁਆਕ ਉਹਦੀ ਜਮਾਤ ਵਿੱਚ ਦਾਖਲ ਤਾਂ ਸਨ ਪਰ ਸਕੂਲ ਵਿੱਚ ਉਹ ਉਦੋਂ ਹੀ ਆਉਂਦੇ ਜਦੋਂ ਉਹਨਾਂ ਨੂੰ ਵਰਦੀ ਦਾ ਕਪੜਾ ਮਿਲਣਾ ਹੁੰਦਾ ਜਾਂ ਵਜ਼ੀਫਾ ਮਿਲਣਾ ਹੁੰਦਾ । ਉਹ ਉਨ੍ਹਾਂ ਦੇ ਘਰ ਜਾ ਕੇ ਬਚਿਆਂ ਨੂੰ ਸਕੂਲ ਭੇਜਣ ਲਈ ਕਹਿੰਦਾ ਤਾਂ ਉਸਦੇ ਕੁਲੀਗ ਉਸਦਾ ਮਜ਼ਾਕ ਉਡਾਉਂਦੇ । ਡੰਗਰ ਚਰਾਉਂਦੇ, ਖੇਤਾਂ ਵਿੱਚ ਕੰਮ ਕਰਦੇ ਜਾਂ ਹੋਰ ਕੋਈ ਛੋਟਾ ਮੋਟਾ ਧੰਦਾ ਕਰਦੇ ਬਚਿਆਂ ਨੂੰ ਉਹ ਸਕੂਲ ਵਿੱਚ ਲਿਆਉਣਾ ਚਾਹੁੰਦਾ । ਪਰ ਉਹ ਨਿਰਾਸ਼ਾ ਨਾਲ ਮੱਥਾ ਪਟਕ ਕੇ ਰੋਇਆ ਸੀ ।
ਡੀ. ਈ. ਓ. ਨੂੰ ਵੀ ਇਸ ਦੀ ਕੋਈ ਪ੍ਰਵਾਹ ਨਹੀਂ । ਉਹ ਉਸ ਨੂੰ ਕਾਗਜ਼ੀ ਕਾਰਵਾਈ ਪੂਰੀ ਰੱਖਣ ਨੂੰ ਆਖ ਰਿਹਾ ਸੀ । ਉਹਨਾਂ ਦੇ ਕਾਗਜ਼ਾਂ ਵਿੱਚ ਹੀ ਦੇਸ਼ ਤਰੱਕੀ ਕਰਦਾ, ਅਨਪੜ੍ਹਤ ਦੂਰ ਹੁੰਦੀ, ਅਤੇ ਨਿਮਨਵਰਗ ਵਿੱਚ ਚੇਤਨਤਾ ਆਉਂਦੀ |

ਉਸ ਦਾ ਰੱਬ/37