ਪੰਨਾ:ਉਸਦਾ ਰੱਬ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਕਮਾਨਾ ਹੂਆ..." ਵਰਗੀ ਬੁੜਬੁੜ ਨਾਲ ਉਸਨੂੰ ਪਾਣੀ ਪੀ ਪੀ ਕੋਸਦੀ ਰਹੀ ।
ਹਰੀਜਨਾਂ ਦੇ ਘਰ ਮੂਹਰੇ ਮੇਜ਼ ਹੋ ਜਾਣ ਕਰਕੇ ਉਹਨਾਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਸੀ "ਜੇ ਸਾਡੇ ਘਰ ਮੂਹਰੇ ਖੜ੍ਹ ਕੇ ਪ੍ਰੈਸ ਕਰੇਗੀ ਤਾਂ ਸਾਡੇ ਕਪੜੇ ਮੁਫਤ ਪ੍ਰੈਸ ਕਰਿਆ ਕਰ ।" ਉਹਨੂੰ ਹਰ ਕਿਸੇ ਦਾ ਸਾਹਮਣਾ ਕਰਨਾ ਆ ਗਿਆ ਸੀ । ਉਹਨਾਂ ਨੂੰ ਤਾਂ ਉਸਨੇ ਇਹ ਕਹਿ ਕੇ ਚੁੱਪ ਕਰਾ ਦਿੱਤਾ ਸੀ “ਮੁਣਸਪਾਲਟੀ ਕੀ ਸੜਕ ਪੈ ਖੜ੍ਹ ਕੇ ਪ੍ਰੈਸ ਕਰੂੰ... ਤੁਮਹੇ ਕਿਆ ਤਖਲੀਪ ਹੋਵੈ ?" ਧੋਬੀ ਨੂੰ ਦੁਸ਼ਮਨ ਬਣਿਆ ਖੜ੍ਹਾ ਦੇਖ ਉਹਦੇ ਅੱਖੀਂ ਜਿਵੇਂ ਖੂਨ ਉਤਰ ਆਉਂਦਾ ।
ਪ੍ਰੈਸ 'ਚ ਕੋਲੇ ਪਾ ਕੇ ਬੈਠੀ, ਗੱਤੇ ਨਾਲ ਝੱਲ ਮਾਰਨ ਲੱਗੀ ਤਾਂ ਧੀਆਂ ਉਹਦੀਆਂ ਅੱਖਾਂ ਵੱਲ ਨੂੰ ਆਈ ਜਾ ਰਿਹਾ ਸੀ । ਧੂੰਏਂ ਨੂੰ ਕੱਢੀਆਂ ਗਾਲ੍ਹਾਂ ਸੁਣ ਸੁਣ ਧੋਬੀ ਅੰਦਰੇ ਅੰਦਰ ਜ਼ਹਿਰ ਘੋਲੀਂ ਜਾ ਰਿਹਾ ਸੀ ।
ਬੁੜ੍ਹੀ ਨੇ ਬੀੜੀ ਦਾ ਬੰਡਲ ਜੇਬ 'ਚੋਂ ਕਢਿਆ । ਇੱਕ ਬੀੜੀ ਕੱਢ ਕੇ ਬੰਡਲ ਜੇਬ 'ਚ ਪਾ ਲਿਆ । ਬੀੜੀ ਨੂੰ ਬੁਲ੍ਹਾਂ 'ਚ ਲੈ ਕੇ ਤੀਲ ਰਗੜਨ ਲੱਗੀ ਤਾਂ ਤੀਲ੍ਹ ਡੱਬੀ 'ਚ ਵਾਪਸ ਪਾਕੇ ਪ੍ਰੈਸ ਖੋਲ੍ਹ ਕੇ ਕੋਲਿਆਂ ਨੂੰ ਦੇਖਣ ਲੱਗੀ । ਦਗਦੇ ਕੋਲਿਆਂ ਨਾਲ ਹੀ ਬੀੜੀ ਸੁਲਗਾਈ । ਦੋ ਉਂਗਲਾਂ ਵਿਚਾਲੇ ਬੀੜੀ ਫੜ ਕੇ ਬੈਠ ਗਈ ।
ਦੂਰੋਂ ਆਉਂਦੀ ਕਿਸੇ ਗਾਹਕ ਕੁੜੀ ਨੂੰ ਵੇਖ ਕੇ ਉਹਨੇ ਸਾਰਾ ਕੁਝ ਦੱਸ ਕੇ ਭੜਾਸ ਕਢ ਲੈਣ ਬਾਰੇ ਸੋਚਿਆ । ਪਰ ਜਦੋਂ ਉਹ ਉਸ ਵੱਲ ਦੇਖੇ ਬਿਨਾਂ ਹੀ ਕਰਿਆਨੇ ਦੀ ਦੁਕਾਨ `ਚ ਜਾ ਵੜੀ ਤਾਂ ਬੁੜ੍ਹੀ ਦਾ ਹੱਥ ਮੱਲੋ ਮੱਲੀ ਠੋਡੀ ਤੇ ਚਲਾ ਗਿਆ । ਦੁਕਾਨ ਵੱਲ ਮੂੰਹ ਕਰਕੇ ਹਵਾ ਨਾਲ, ਜਾਂ ਸੜਕ ਤੇ ਪਲ ਛਿਣ ਲਈ ਪਸਰੀ ਚੁੱਪ ਨਾਲ ਗੱਲ ਕਰਦੀ ਬੁੜਬੁੜਾਈ "ਪਤਾ ਨਈ ਲੋਗੋਂ ਕੇ ਦੀਮਾਗ ਕੋ ਕਿਆ ਹੁਈ ਗਿਆਂ ਅਈਸੇ ਮੂੰ ਫੇਰ ਕੇ ਚਲੈ ...|" ਦੁਕਾਨ 'ਚੋਂ ਨਿਕਲੀ ਕੁੜੀ ਨੂੰ ਉਹਨੇ ਆਪ ਹੀ ਬੁਲਾਇਆ | "ਅਬ ਕਪੜੇ ਕਹਾਂ ਸੇ ਪ੍ਰੈਸ ਕਰਵਾਉ ਜੀ ?" ਕੁੜੀ ਨੇ ਦਸਿਆ ਕਿ ਉਹ ਤਾ ਠੰਢੀ ਹੀ ਪ੍ਰੈਸ ਕਪੜਿਆਂ ਤੇ ਫੇਰ ਕੇ ਫੜਾ ਦਿੰਦੀ ਐਂ, ਇਸੇ ਕਰਕੇ ਉਹ ਬਜ਼ਾਰੋਂ ਈ ਕਰਵਾ ਲੈਂਦੇ ਨੇ । ਜੇ ਕਦੇ ਬਹੁਤੀ ਹੀ ਲੋੜ ਪੈ ਜਾਵੇ ਤਾਂ ਉਸ ਕੋਲੋਂ ਵੀ ਕਰਵਾ ਲੈਂਦੇ ਨੇ । ਪਰ ਉਹਦੀ ਪ੍ਰੈਸ ਨਾਲ ਕਰੀਜ਼ ਨਹੀਂ ਕੁਝ ਬਣਦੀ । ਬੁੜ੍ਹੀ ਆਪਣੀਆਂ ਅੱਖਾਂ 'ਚ ਸਿਆਣਪ ਜਿਹੀ ਫੈਲਾ ਕੇ ਬੋਲੀ “ਡਰ ਡਰ ਕੇ ਕਾਮ ਕਰਤੀ ਊਂ... ਇਤਾ ਇਤਾ ਮਹਿੰਗਾ ਕਪੜਾ ਲਾਵੈਂ... ਕਹਾਂ ਸੇ ਭਰ ਦੂਗੀ...?" ਕੁੜੀ ਦੇ ਪੈਰਾਂ 'ਚ ਕਾਹਲ ਸੀ । ਹੋ ਸਕਦੈ ਉਹ ਚੁਲ੍ਹੇ ਤੇ ਦਾਲ ਸਬਜ਼ੀ ਧਰਕੇ ਹਲਦੀ ਲੈਣ ਦੁਕਾਨ ਤੇ ਆਈ ਹੋਵੇ ।
ਪਰ ਬੁੜ੍ਹੀ ਨੇ ਗੱਲ ਅੱਗੇ ਤੋਰ ਲਈ ਸੀ-“ਮੇਰੀ ਲੜਕੀ ਸੇ ਤੋ ਕਭੀ ਕਭੀ ਕਪੜਾ ਜਲ ਜਾਏ ਤੋਂ ਜਲ ਭੀ ਜਾਏ ... ਜਬ ਮੈਨੇ ਸ਼ੁਰੂ ਸ਼ੁਰੂ ਮੇਂ ਯੇ ਧੰਦਾ ਸੁਰੂ ਕੀਆਂ ਤੋਂ ਕੋਈ ਕਪੜਾ ਜਲ ਗੀਆ ਹੋ ਤੋ ਜਲ ਗੀਆ ਹੋ...ਝੂਠ ਕਿਉਂ ਬੋਲੂ ... ਅਬ ਤੋਂ ਦੇਖ

56/ਉਖੜੇ ਹੋਏ