ਪੰਨਾ:ਉਸਦਾ ਰੱਬ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਾਂਤੀ ਨੂੰ ਕਿਵੇਂ ਵਿਆਹ ਸਕੇਗੀ। ਕਿੰਨੀ ਦੇਰ ਉਹਦੇ ਸੁੰਨ ਹੋਏ ਦਿਮਾਗ 'ਚ ਇਸ “ਕਿਵੇਂ' ਦਾ ਜੁਆਬ ਨਹੀਂ ਸੀ ਆ ਸਕਿਆ।...
ਦੰਗਾ ਗ੍ਰਸਤ ਗਲੀਆਂ 'ਚੋਂ ਛੇਤੀ ਬਾਹਰ ਹੋ ਜਾਣ ਲਈ ਕਾਹਲੀ ਕਾਹਲੀ ਤੁਰਦਿਆਂ ਰਣਪ੍ਰੀਤ ਨੂੰ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਹੌਲੀ ਤੁਰ ਰਿਹਾ ਹੋਵੇ। ਅੱਗੇ ਕੁਝ ਭੜਕੇ ਹੋਏ ਮਨੁੱਖ ਰੋਹ ਵਿੱਚ ਆਏ ਹੋਏ ਸਨ। ਇੱਕ ਦੁਕਾਨ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਦੇਖਦੇ ਦੇਖਦੇ ਇੱਕ ਸਾੜ੍ਹੀ ਭੰਡਾਰ ਰਾਖ਼ ਦੀ ਢੇਰੀ ਬਣ ਗਿਆ | ਦੁਕਾਨ 'ਚੋਂ ਉਠਦੇ ਧੂੰਏਂ ਨੂੰ ਵੇਖਦੇ ਲੋਕ ‘ਸ਼ਿਵ ਪ੍ਰਸ਼ਾਦਿ ਮੁਰਦਾਬਾਦ' ਦੇ ਨਾਹਰੇ ਮਾਰ ਰਹੇ ਸਨ।
ਥੋੜ੍ਹੀ ਕੁ ਅੱਗੇ ਚਲਕੇ ਰਣਪ੍ਰੀਤ ਨੇ ਦੇਖਿਆ ਕੁਝ ਲੋਕ ਕੱਪੜੇ ਦੇ ਥਾਨਾਂ ਦੇ ਥਾਂਨ ਕੱਛੇ ਮਾਰੀ ਆ ਰਹੇ ਸਨ। ਸਾੜ੍ਹੀਆਂ ਚੁੱਕੀਂ ਕਾਹਲੀ ਕਾਹਲੀ ਤੁਰ ਰਹੇ ਸਨ। ਕਿਸੇ ਦੁਕਾਨ ਤੋਂ ਫੋਲਡਿੰਗ ਕੁਰਸੀਆਂ ਚੁੱਕੀਂ ਆ ਜਾ ਰਹੇ ਸਨ ... ਕਿਤੇ ਫਰਨੀਚਰ ਦੀ ਦੁਕਾਨ ਨੂੰ ਅੱਗ ਲਗਾ ਦਿੱਤੀ ਗਈ ਸੀ।
“ਆਖਰ ਇਹ ਲੋਕਾਂ ਨੂੰ ਅਚਾਨਕ ਕੀ ਹੋ ਗਿਆ ਸੀ?' ਰਣਪ੍ਰੀਤ ਨੂੰ ਉਦੋਂ ਪਤਾ ਨਹੀਂ ਸੀ ਲੱਗ ਰਿਹਾ |
ਸਹਿਮਿਆ ਜਿਆ ਜਦੋਂ ਉਹ ਦਫ਼ਤਰ ਵੜਿਆ ਸੀ ਤਾਂ ਉਹਨੂੰ ਕਿਸੇ ਦੀ ਪਛਾਣ ਨਹੀਂ ਸੀ ਆ ਰਹੀ। ਉਸਨੇ ਕੂਲਰ ਤੋਂ ਠੰਢੇ ਪਾਣੀ ਦਾ ਗਿਲਾਸ ਪੀਤਾ। ਅੱਖਾਂ ਤੇ ਠੰਢੇ ਪਾਣੀ ਦੇ ਛਿੱਟੇ ਮਾਰੇ। ਥੋੜ੍ਹੀ ਕੁ ਦੇਰ ਅੱਖਾਂ ਮੁੰਦ ਕੇ ਖੜ੍ਹਾ ਰਿਹਾ ਸੀ।
ਰਣਪ੍ਰੀਤ ਭਗਵਾਨ ਸਿੰਘ ਨੂੰ ਜੱਫੀ ਪਾ ਕੇ ਮਿਲਿਆ। ਇਉਂ ਜੱਫੀ 'ਚ ਘੁੱਟਦਿਆਂ ਦੇਖ ਸੁਪਰਡੰਟ ਦੇ ਮੱਥੇ ਤਿਊੜੀਆਂ ਖਿੱਚੀਆਂ ਗਈਆਂ ਸਨ। ਸਪਰਡੰਟ ਇਸ ਗੱਲੋਂ ਗੁੱਸੇ ਹੋ ਗਿਆ ਸੀ ਕਿ ਰਣਪ੍ਰੀਤ ਨੂੰ ਸਭ ਤੋਂ ਪਹਿਲਾਂ ਉਸਨੂੰ ਮਿਲਣਾ ਚਾਹੀਦਾ ਸੀ। ਇਸੇ ਕਰਕੇ ਸ਼ੁਭ ਇਛਾਵਾਂ ਦਾ ਜੁਆਬ ਵੀ ਨਹੀਂ ਸੀ ਦਿੱਤਾ। ਬੱਸ ਉਹਦੇ ਬੁਲ੍ਹਾਂ ਤੇ ਥੋੜ੍ਹੀ ਕੁ ਮੁਸਕਰਾਹਟ ਦਿਖਾਈ ਦਿੱਤੀ ਪਰ ਥੋਹੜੀ ਕੁ ਦੇਰ ਬਾਅਦ ਹੀ ਗਾਇਬ ਹੋ ਗਈ।
ਉਸਨੇ ਭਗਵਾਨ ਨੂੰ ਕੋਈ ਜ਼ਰੂਰੀ ਕੇਸ ਕਰਨ ਨੂੰ ਦੇ ਦਿੱਤਾ। ਹੋਰ ਸਾਰੇ ਕੰਮ ਛੱਡ ਦੇ' ਆਖ ਉਹਨੇ ਮੇਜ਼ ਦਾ ਰਾਜ਼ ਖੋਲ ਕੇ ਬੰਦ ਕੀਤਾ ਅਤੇ ਫੇਰ ਮੇਜ਼ ਤੇ ਪਈਆਂ ਫਾਈਲਾਂ ਥੱਲੇ ਥੱਲ ਕੇ ਪਤਾ ਨਹੀਂ ਕੀ ਲੱਭਣ ਲੱਗ ਪਿਆ।


ਭਗਵਾਨ ਕਾਗਜ਼ਾਂ 'ਚ ਉਲਝ ਗਿਆ ਸੀ। ਉਸਨੇ ਸ਼ਾਮ ਹੋ ਜਾਣ ਤੱਕ ਰਣਪ੍ਰੀਤ ਵੱਲ ਨਾ ਅੱਖ ਚੁੱਕ ਕੇ ਵੇਖਿਆ ਅਤੇ ਨਾ ਹੀ ਉਸ ਨਾਲ ਕੋਈ ਗੱਲ ਕੀਤੀ। ਰਣਪ੍ਰੀਤ ਜੇ ਉਥੋਂ ਉਠ ਕੇ ਕਿਸੇ ਹੋਰ ਨੂੰ ਮਿਲਣ ਜਾਣ ਦੀ ਕੋਸ਼ਿਸ਼ ਚ ਖੜ੍ਹਾ ਹੋਇਆ ਤਾਂ ਭਗਵਾਨ ਨੇ ਉਸ ਵੱਲ ਅੱਖਾਂ ਚੁੱਕ ਕੇ ਵੇਖਿਆ ਸੀ ਅਤੇ ਕਿਹਾ ਸੀ-"ਬੈਠ ਜ਼ਰਾ, ਇਹ ਜ਼ਰੂਰੀ ਕੇਸ ਕਰਕੇ ਦੇ ਦਿਆਂ ... ਤੇਰੇ ਕੰਮ ਬਾਰੇ ਵੀ ਦੱਸਦਾਂ ਤੈਨੂੰ ... ਨਾਲੇ ਤੂੰ ਅੱਜ ਛੇ ਮਹੀਨੇ ਬਾਅਦ ਇਸ ਸ਼ਹਿਰ 'ਚ ਆਇਐ ਕਿਤੇ ਇਕੱਲੇ ਬੈਠ ਕੇ ਗੱਲਬਾਤ ਕਰਾਂਗੇ।" ਰਣਪ੍ਰੀਤ ਇਕੱਲੇ ਬੈਠ ਕੇ ਗੱਲ ਕਰਨ ਦਾ ਮਤਲਬ ਸਮਝਦਾ ਸੀ।

74/ਜ਼ਖ਼ਮ