ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/184

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੬੬

ਮੇਰੇ ਆਪਣੇ ਦੇਵਿੰਦਰ ਜੀ,

ਮੈਂ ਹੁਣ ਤੁਹਾਡੇ ਵਲੋਂ ਜਲਦੀ ਜਲਦੀ ਖ਼ਤ ਆਉਣ ਦੀ ਉਡੀ ਛੱਡ ਦਿੱਤੀ, ਪਰ ਆਪਣੇ ਦਿਲ ਨੂੰ ਅਜੇ ਕਾਬੂ ਨਹੀਂ ਕਰ ਸਕੀ,ਜਿਸ ਲਈ ਬੇ-ਬਸੀ ਜਿਹੀ ਹੋ ਕੇ ਖ਼ਤ ਲਿਖ ਦੇਂਦੀ ਹਾਂ।

ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਆਪਣੇ ਮਨ ਨੂੰ ਹੁਣ ਚੰਦ ਨਾਲ ਲਾਵਾਂ ਜਿਹੜਾ ਮੈਨੂੰ ਏਨਾ ਪਿਆਰਾ ਲਗਦਾ ਹੈ, ਜਾਂ ਉਨ੍ਹਾਂ ਸਤਾਰਿਆਂ ਵਲ ਜਿਹੜੇ ਸੌਣ ਤੋਂ ਪਹਿਲੋਂ ਮੇਰੇ ਨਾਲ ਕਿੰਨਾ ਕਿੰਨਾ ਚਿਰ ਅੱਖਾਂ ਮਲਾਈ ਰਖਦੇ ਨੇ, ਤੇ ਮੈਨੂੰ ਇਉਂ ਜਾਪਦਾ ਹੈ ਕਿ ਉਹ ਏਡੀ ਦੂਰ ਹੁੰਦੇ ਹੋਏ ਵੀ, ਮੇਰੇ ਕੰਨਾਂ ਵਿਚ ਕੁਝ ਕਹਿ ਜਾਂਦੇ ਨੇ, ਜਿਸ ਦਾ ਮੈਨੂੰ ਪੂਰਾ ਮਤਲਬ ਨਹੀਂ ਸਮਝ ਆਉਂਦਾ। ਏਸੇ ਨੂੰ ਸਮਝਣ ਦੀ ਕੋਸ਼ਿਸ਼ ਵਿਚ ਮੈਂ ਸੌਂ ਜਾਂਦੀ ਹਾਂ। ਜਿਹੜੇ ਫੇਰ ਸੁਪਨੇ ਆਉਂਦੇ ਨੇ, ਕਿੰਨੇ ਸਵਾਦਲੇ, ਪਰ ਗਮਗੀਨ -- ਦੇਵਿੰਦਰ ਜੀ ਮੇਰੇ ਕੋਲੋਂ ਉਹਨਾਂ ਬਾਬਤ ਪੂਰਾ ਹਾਲ ਨਹੀਂ ਲਿਖਿਆ ਜਾਂਦਾ।

ਕਲ ਮੈਂ ਫਿਰ ਇਕ ਵਾਰ ਮਨਜੀਤ ਨਾਲ ਬਾਗ਼ ਵਿਚ ਉਸੇ ਥਾਂ ਗਈ ਜਿਥੇ ਅਸੀ ਗਏ ਸਾਂ; ਪਰ ਬਹੁਤਾ ਚਿਰ ਨਾ ਠਹਿਰ ਸਕੀ। ਹਰ ਇਕ ਆਲੇ ਦੁਆਲੇ ਦੀ ਚੀਜ਼ ਤੁਹਾਡੇ ਰੂਪ ਵਿਚ ਨਜ਼ਰ ਆ ਕੇ ਮੇਰੇ ਦਿਲ ਅੰਦਰ ਚੀਸਾਂ ਪੈਦਾ ਕਰਦੀ ਸੀ। ਸੋ ਜਲਦੀ ਹੀ ਵਾਪਸ ਆ ਗਈ। ਡਰ ਸੀ ਕਿ ਸਿਰ ਨੂੰ ਚੱਕਰ ਨਾ ਆ ਜਾਣ।

੧੭੦