ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੧੭

ਮੇਰੇ ਮਨ ਖੋਹਣੇ ਦੇਵਿੰਦਰ,

ਭਲਾ ਤੁਸੀ ਕਲ੍ਹ ਸ਼ਾਮ ਨੂੰ ਕਿਉਂ ਨਹੀਂ ਆਏ? ਮੈਂ ਏਨੀ ਉਡੀਕ ਕੀਤੀ। ਸੈਰ ਕਰਨ ਵੀ ਨਾ ਗਈ। ਮਸਾਂ ਮਸਾਂ ਘੜੀ ਦੇਖਦਿਆਂ ਵਕਤ ਬਿਤਾਇਆਂ। ਜਿਉਂ ਜਿਉਂ ਸ਼ਾਮ ਨੇੜੇ ਹੁੰਦੀ ਜਾਏ, ਮੈਂ ਖ਼ੁਸ਼ੀ ਦੀ ਮਾਰੀ ਏਧਰ ਓਧਰ ਫਿਰਨ ਲਗ ਜਾਵਾਂ। ਦੋ ਵਾਰੀ ਮੂੰਹ ਹਥ ਧੋਤਾ, ਖ਼ਾਸ ਧਿਆਨ ਨਾਲ ਕੰਘੀ ਵਾਹੀ। ਘੜੀ ਕੁ ਪਿਛੋਂ ਸ਼ੀਸ਼ੇ ਅਗੇ ਆ ਕੇ ਆਪਣੇ ਆਪ ਨੂੰ ਦੇਖ ਲਵਾਂ। ਫੇਰ ਖੜੀ ਹੋ ਕੇ ਕਪੜਿਆਂ ਵਲ ਧਿਆਨ ਮਾਰ ਲਵਾਂ, ਤਾਂ ਜੋ ਕਈ ਦਾਗ ਨਾ ਲਗਾ ਹੋਵੇ। ਜਦੋਂ ਕਾਫ਼ੀ ਹਨੇਰਾ ਹੋ ਗਿਆ, ਤਾਂ ਮਾਤਾ ਜੀ ਨੇ ਵੀ ਪੁੱਛਿਆ, “... ਸੈਰ ਕਰਨ ਨਹੀਂ ਗਈ?" ਮੇਰੀ ਤਬੀਅਤ ਨਹੀਂ ਠੀਕ ' ਮੈਂ ਕਹਿ ਕੇ ਟਾਲ ਦਿੱਤਾ। ਇਕ ਇਕ ਮਿੰਟ ਗਿਣਦਿਆਂ ਰਾਤ ਦੇ ੯ ਵਜ ਗਏ। ਪੌੜੀਆਂ ਚੜ੍ਹਦੇ ਕਿਸੇ ਦੀ ਅਵਾਜ਼ ਆਏ; ਤਾਂ ਕੰਨ ਝਟ ਖੜੇ ਹੋ ਜਾਣ। ਕਮਰੇ ਦੇ ਬੂਹੇ ਕੋਲ ਖੜੀ ਹੋ ਜਾਵਾਂ, ਪਰ ਕੋਈ ਹੋਰ ਹੀ ਨਿਕਲ ਆਏ। ਬੜੀ ਮਾਯੂਸ ਹੋ ਕੇ ਫੇਰ ਅੰਦਰ ਆ ਜਾਵਾਂ। ਇਕ ਥਾਂ ਨਾ ਬੈਠਿਆ ਜਾਏ। ਕਦੀ ਕੁਰਸੀ ਤੇ, ਕਦੀ ਮੰਜੇ ਤੇ ਅਤੇ ਕਦੀ ਮੇਜ਼ ਤੇ ਲਤਾਂ ਲਮਕਾ ਕੇ ਬੈਠ ਜਾਵਾਂ। ਕਿਤਾਬ ਫੜਾਂ ਤਾਂ ਕੋਈ ਸੁਆਦ ਨਾ ਆਵੇ, ਫੇਰ ਬੰਦ ਕਰ ਦਿਆਂ।

ਸਵਾ ਨੌਂ ਵਜੇ ਵੀਰ ਜੀ ਬਾਹਰੋਂ ਆਏ। ਆਪਣੇ ਕਮਰੇ ਚੋਂ ਹੋ ਕੇ ਮੇਰੇ ਕਮਰੇ 'ਚ ਆ ਪੁਛਨ ਲਗੇ,"ਦੇਵਿੰਦਰ ਤੇ ਨਹੀਂ ਸੀ ਆਇਆ?"

੫੦