ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

ਪਈ। ਸਚ ਦੱਸਣਾ ਕਿਹੋ ਜਿਹਾ ਲਗਾ ਸੀ ਮੇਰਾ ਗੀਤ। ਜਦ ਗੀਤ ਖ਼ਤਮ ਹੋ ਗਿਆ, ਤੁਸੀ ਹੌਲੀ ਜਿਹੀ ਮੇਰੇ ਨੇੜੇ ਆਏ।

ਮੇਰੇ ਸਾਰੇ ਜਿਸਮ ਵਿਚ ਇਕ ਧੂੰਆਂ ਜਿਹਾ ਉਠਿਆ। ਹੌਲੀ ਹੌਲੀ ਅਗ ਸੁਲਗੀ, ਰੋਸ਼ਨੀ ਹੋਈ, ਅਗ ਤੇਜ਼ ਹੋ ਗਈ, ਭਾਂਬੜ ਮਚ ਗਿਆ, ਜਿਸ ਨਾਲ ਮੇਰਾ ਚਿਹਰਾ ਲਾਲ ਹੋ ਗਿਆ।

ਇਸ ਅਨੋਖੇ ਮੇਲ ਦੀ ਖੁਮਾਰੀ ਅਜੇ ਪੂਰੀ ਤਰਾਂ ਨਹੀਂ ਸੀ ਉਤਰੀ, ਕਿ ਕਿਸੇ ਦੇ ਪੌੜੀਆਂ ਚੜ੍ਹਨ ਦੀ ਆਵਾਜ਼ ਆਈ। ਘੜੀ ਵਲ ਦੇਖਿਆ, ਸਾਢੇ ਪੰਜ ਵਜੇ ਸਨ। "ਮਾਤਾ ਜੀ ਆ ਗਏ ਨੇ -" ਮੈਂ ਜਲਦੀ ਨਾਲ ਕਿਹਾ। ਤੁਸੀ ਸਾਰਾ ਕੁਝ ਉਥੇ ਛਡ ਕੇ ਵੀਰ ਜੀ ਦੇ ਕਮਰੇ ਜਾ ਬੈਠੇ। ਮੈਨੂੰ ਤਰਸ ਵੀ ਆਏ, ਖ਼ੁਸ਼ੀ ਵੀ ਹੋਵੇ ਤੇ ਹਾਸਾ ਵੀ ਆਏ।

ਮਾਤਾ ਜੀ ਤੁਹਾਨੂੰ ਦੇਖ ਕੇ ਸਿਧੇ ਵੀਰ ਜੀ ਦੇ ਕਮਰੇ ਵਿਚ ਗਏ। ਮੈਂ ਸ਼ੀਸ਼ੇ ਵਿਚੋਂ ਦੀ ਸਭ ਕੁਝ ਦੇਖਦੀ ਰਹੀ ਤੇ ਥੋੜਾ ਜਿਹਾ ਬੂਹਾ ਖੁਲ੍ਹਾ ਰਖਿਆ। "ਦੇਵਿੰਦਰ ਕਦੋਂ ਦੇ ਆਏ ਹੋਏ ਓ ? ਅਜੇ ਕਾਕਾ ਤੇ ਨਹੀਂ ਆਇਆ ਹੋਣਾ?” ਮਾਤਾ ਜੀ ਨੇ ਪੁੱਛਿਆ। ਮੇਰਾ ਕਲੇਜਾ ਧੜਕਣ ਲਗ ਪਿਆ।“ਨਹੀਂ ਅਜੇ ਤੇ ਨਹੀਂ ਆਇਆ। ਮੈਨੂੰ ਸਗੋਂ ਉਹਨੇ ਸਵਾ ਪੰਜ ਦਾ ਵਕਤ ਦਿਤਾ ਸੀ - ਕਹਿੰਦਾ ਸੀ 'ਅਜ ਮੈਂ ਕੰਮ ਤੋਂ ਜਲਦੀ ਆ ਜਾਣਾ ਹੈ' ਤੁਸਾਂ ਜੁਆਬ ਦਿੱਤਾ। ਇਹ ਸੁਣ ਕੇ ਮੇਰਾ ਹਾਸਾ ਨਿਕਲ ਗਿਆ - ਪਰ ਚੁੰਨੀ ਦੀ ਕੰਨੀ ਮੰਹ ਵਿਚ ਪਾ ਲਈ, ਤਾਂ ਜੋ ਆਵਾਜ਼ ਨਾ ਬਾਹਰ ਨਿਕਲੇ। ਕਿੰਨੇ ਝੂਠੇ ਹੋ ਤੁਸੀ ! ਨਹੀਂ - ਨਹੀਂ ਇਹ ਸਭ ਮੇਰੀ ਖਾਤਰ ਹੀ ਹੈ।

ਤੁਸੀ ਜਦੋਂ ਵੀਰ ਜੀ ਨੂੰ ਮਿਲ ਕੇ ਚਲੇ ਗਏ। ਤਾਂ ਮੈਂ ਬੜੀ ਉਦਾਸ ਜਿਹੀ ਹੋ ਗਈ। ਬੜੇ ਅਜੀਬ ਅਜੀਬ ਖ਼ਿਆਲ ਦਿਮਾਗ ਵਿਚ ਆਉਣ। ਬੜੀ ਬੇ-ਚੈਨੀ ਨਾਲ ਰਾਤ ਕਟੀ। ਬੜੇ ਹੀ ਯਾਦ ਆਏ ਤੁਸੀ। ਹੁਣ ਤੇ ਜਲਦੀ ਜਲਦੀ ਮਿਲਿਆ ਕਰੋਗੇ ਨਾ ?

ਮੈਂ ਹਾਂ ਤੁਹਾਡੀ.........ਪਿਆਰੀ .........।

੭੯