ਪੰਨਾ:ਗੈਂਡੇ - ਯੂਜੀਨ ਆਇਨੈਸਕੋ - ਬਲਰਾਮ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਕਟ ਪਹਿਲਾ

ਦ੍ਰਿਸ਼ ਪਹਿਲਾ

ਦਰਮਿਆਨੇ ਜਿਹੇ ਸ਼ਹਿਰ ਦਾ ਇਕ ਚੌਂਕ। ਅੱਪ-ਸਟੇਜ 'ਤੇ ਇੱਕ ਇੱਕ-ਮੰਜ਼ਿਲਾ ਘਰ ਬਣਿਆ ਹੈ, ਜਿਸਦੇ ਗਰਾਉਂਡ ਫਲੋਰ ’ਤੇ ਕਿਰਿਆਨੇ ਦੀ ਦੁਕਾਨ ਹੈ। ਦੁਕਾਨ ਅੰਦਰ ਦਾਖ਼ਿਲ ਹੋਣ ਲਈ ਦੋ ਜਾਂ ਤਿੰਨ ਪੌੜੀਆਂ ਹਨ ਤੇ ਫੇਰ ਸ਼ੀਸ਼ੇ ਦਾ ਇੱਕ ਪਾਸੇ ਨੂੰ ਖੁੱਲ੍ਹਦਾ ਦਰਵਾਜ਼ਾ। ਦੁਕਾਨ ਦੇ ਸ਼ਟਰ ਉਪਰ ‘ਐਪੀਕੇਰੀ’ ਸ਼ਬਦ ਗੁੜ੍ਹੇ ਅੱਖਰਾਂ 'ਚ ਲਿਖਿਆ ਹੋਇਆ ਹੈ। ਉਪਰਲੀ ਮੰਜ਼ਿਲ 'ਤੇ ਕਰਿਆਨੇ ਵਾਲਾ ਤੇ ਉਸਦੀ ਘਰਵਾਲੀ ਰਹਿੰਦੇ ਹਨ, ਜਿਸ ਦੀਆਂ ਦੋ ਖਿੜਕੀਆਂ ਮੰਚ ਵਾਲੇ ਪਾਸੇ ਖੁੱਲ੍ਹਦੀਆਂ ਹਨ। ਦੁਕਾਨ ਅਪ-ਸਟੇਜ ਉੱਤੇ ਥੋੜ੍ਹਾ ਜਿਹਾ ਖੱਬੇ ਪਾਸੇ ਵੱਲ ਨੂੰ ਹੈ, ਵਿੰਗਜ਼ ਦੇ ਨੇੜੇ ਜਿਹੇ। ਦੂਰ ਘਰ ਦੀ ਉੱਪਰਲੀ ਮੰਜ਼ਿਲ ਦੇ ਪਿਛਲੇ ਪਾਸਿਓਂ ਕਿਸੇ ਚਰਚ ਦੀ ਮੀਨਾਰ ਨਜ਼ਰ ਆਉਂਦੀ ਹੈ। ਦੁਕਾਨ ਤੇ ਮੰਚ ਦੇ ਖੱਬੇ ਪਾਸੇ ਇੱਕ ਛੋਟੀ ਜਿਹੀ ਗਲੀ ਜਾਂਦੀ ਦਿਸਦੀ ਹੈ। ਸੱਜੇ ਵਾਲੇ ਪਾਸੇ ਥੋੜਾ ਜਿਹਾ ਤਿਰਛਾ ਕੈਫ਼ੇ ਦਾ ਫਰੰਟ ਹੈ। ਕੈਫ਼ੇ ਦੇ ਉੱਪਰ ਇਕ ਹੋਰ ਮੰਜ਼ਿਲ ਹੈ, ਜਿਸਦੀ ਖਿੜਕੀ ਮੰਚ ਵਾਲੇ ਪਾਸੇ ਨੂੰ ਖੁੱਲ੍ਹਦੀ ਹੈ। ਕੈਫ਼ੇ ਦੇ ਮੂਹਰੇ ਸੈਂਟਰ ਸਟੇਜ ਤਾਈਂ ਕੁਰਸੀਆਂ ਤੇ ਮੇਜ਼ ਲੱਗੇ ਹੋਏ ਹਨ, ਇਨ੍ਹਾਂ ਕੁਰਸੀਆਂ ਦੇ ਨਾਲ ਹੀ ਇਕ ਪੁਰਾਣਾ ਦਰਖ਼ਤ ਖੜਾ ਹੈ, ਜਿਸ 'ਤੇ ਧੂੜ ਚੜ੍ਹੀ ਹੈ। ਗਰਮੀਆਂ ਦੀ ਦੁਪਹਿਰ ਹੈ ਤੇ ਐਤਵਾਰ ਦਾ ਦਿਨ, ਅਸਮਾਨ ਦਾ ਰੰਗ ਨੀਲਾ ਹੈ ਤੋਂ ਚਿੱਟੀਆਂ ਲਿਸ਼ਕਦੀਆਂ ਕੰਧਾਂ 'ਤੇ ਤੇਜ਼ ਰੋਸ਼ਨੀ ਪੈ ਰਹੀ ਹੈ। ਜੇਨ ਤੇ ਬੇਰੰਜਰ ਇਨ੍ਹਾਂ ਹੀ ਕੁਰਸੀਆਂ 'ਚੋਂ ਕਿਸੇ ਇੱਕ ’ਤੇ ਆ ਕੇ ਬੈਠਣਗੇ।

(ਦੂਰੋਂ ਚਰਚ ਦੀਆਂ ਘੰਟੀਆਂ ਦੀ ਅਵਾਜ਼ ਸੁਣਾਈ ਪੈਂਦੀ ਹੈ, ਜਿਹੜੀ ਪਰਦਾ ਉੱਠਣ ਤੋਂ ਕੁਝ ਛਿਣ ਪਹਿਲਾਂ ਬੰਦ ਹੋ ਜਾਂਦੀ ਹੈ। ਪਰਦਾ ਉੱਠਣ 'ਤੇ ਇੱਕ ਔਰਤ ਇੱਕ ਹੱਥ ’ਚ ਸਮਾਨ ਦੀ ਟੋਕਰੀ ਤੇ ਬਗਲ ’ਚ ਬਿੱਲੀ ਲਈ ਚੁੱਪਚਾਪ ਸੱਜਿਓਂ ਖੱਬੇ ਪਾਸੇ ਵੱਲ ਨੂੰ ਜਾਂਦੀ ਹੈ।ਉਸੇ ਵੇਲੇ ਕਿਰਿਆਨੇ ਵਾਲੇ ਦੀ ਤੀਵੀਂ ਦੁਕਾਨ ਦਾ ਦਰਵਾਜ਼ਾ ਖੋਲਦੀ ਹੈ ਤੇ ਉਸਨੂੰ ਲੰਘਦਿਆਂ ਦੇਖਦੀ ਹੈ)

ਮਾਲਕਣ:

ਓਹ! ਏਨੂੰ ਤਾਂ ਦੇਖ ਕੇ ਈ ਖੂਨ ਸੜ ਜਾਂਦਾ ਮੇਰਾ। (ਦੁਕਾਨ `ਚ ਬੈਠੇ ਆਪਣੇ ਪਤੀ ਨੂੰ ਮੁਖ਼ਾਤਿਬ ਹੁੰਦੀ ਹੈ) ਸਾਡੀ ਦੁਕਾਨ 'ਤੇ ਤਾਂ ਹੁਣ ਪੈਰ ਪਾਉਣਾ ਛੱਡ ਈ ਦਿੱਤਾ ਇਹਨੇ ... ਘਮੰਡਣ। (ਉਹ ਬਾਹਰ ਚਲੀ ਜਾਂਦੀ

8/ਗੈਂਡੇ