ਪੰਨਾ:ਗ੍ਰਹਿਸਤ ਦੀ ਬੇੜੀ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਸਤੇ ਯਤਨ ਕਰਨ ਨੂੰ ਜੋ ਮਨੁੱਖੀ ਜੀਵਨ ਦੀ ਲਾਜਮੀ ਚੀਜ਼ ਬਣਾ ਦਿੱਤਾ ਹੈ, ਏਸ ਵਿਚ ਓਸਦੀ ਬੜੀ ਭਾਰੀ ਸਿਆਣਪ ਹੈ । ਮੇਹਨਤ ਦੇ ਭੰਡਾਰ ਵਿਚ ਵਾਹਿਗੁਰੂ ਨੇ ਮਨੁਖ ਵਾਸਤੇ ਵਡੀਆਂ ੨ ਨਿਆਮਤਾਂ ਲੁਕਾਈਆਂ ਹੋਈਆਂ ਹਨ।

ਦੇਖੋ ਸਾਰੀ ਸ੍ਰਿਸ਼ਟੀ ਦੀ ਜ਼ਿੰਦਗੀ ਦਾ ਏਹੋ ਭੇਤ ਹੈ, ਮੇਹਨਤ ਲਾਭ ਹੈ ਤੇ ਵੇਹਲੇ ਰਹਿਣਾ ਰੋਗ ! ਸੁਸਤ ਆਦਮੀ ਹੋਵੇ ਭਾਵੇਂ ਔਰਤ, ਦੋਵੇਂ ਦੁਖੀ ਰਹਿੰਦੇ ਹਨ । ਮਨੁੱਖ ਦੇ ਅੰਦਰ ਮੇਹਨਤ ਦਾ ਹੋਣਾ ਅਜੇਹਾ ਹੈ ਜੇਹਾ ਕਿ ਸਰੀਰ ਦੇ ਅੰਦਰ ਆਤਮਾ ! ਮੇਹਨਤ ਤੋਂ ਭਾਵ ਸਰੀਰਕ ਵਰਜਿਸ਼ ਨਹੀਂ ਹੈ, ਕਿਉਂਕਿ ਏਹ ਤਾਂ ਜਾਨਵਰ ਵੀ ਕਰ ਸਕਦੇ ਹਨ, ਸਗੋਂ ਮੇਹਨਤੀ ਆਦਮੀ ਉਹ ਹੈ ਜੋ ਦਿਮਾਗੀ ਤਾਕਤ ਨੂੰ ਵੀ ਵਰਤਦਾ ਹੈ ਤੇ ਓਸਦੀ ਸਰੀਰਕ ਤਾਕਤ ਦਿਮਾਗੀ ਸ਼ਕਤੀ ਦੇ ਅਧੀਨ ਹੈ।

ਅਰੋਗਤਾ ਦੀ ਸਥਿਰਤਾ ਲਈ ਵਰਤਮਾਨ ਤੇ ਭਵਿਖਤ ਖ਼ੁਸ਼ੀ ਲਈ ਤੇ ਆਪਣੇ ਸੰਤਾਨ ਦੇ ਵਧਣ ਫੁਲਾਣ ਲਈ ਵਹੁਟੀ ਤੇ ਗੱਭਰੂ ਦੋਹਾਂ ਨੂੰ ਕੰਮ ਦੀ ਵਾਦੀ ਪਾਉਣੀ ਚਾਹੀਦੀ ਹੈ, ਨਿਕੰਮਪੁਣਾ ਤੇ ਸੁਸਤੀ ਦੋਹਾਂ ਵਾਸਤੇ ਹਾਨੀਕਾਰਕ ਹੈ, ਇਸ ਨਾਲ ਆਦਮੀ ਅਪ੍ਰਸੰਨ, ਅਸ਼ਾਂਤ, ਸੜਿਆ, ਕੁੜਿਆ ਤੇ ਦੁਖੀ ਰਹਿੰਦਾ ਹੈ | ਕੰਮ ਨਾ ਕੇਵਲ ਆਦਮੀ ਦਾ ਗੁਜਾਰਾ ਪੂਰਾ ਕਰਦਾ ਹੈ ਸਗੋਂ ਓਸਨੂੰ ਅਰੋਗ ਵੀ ਰਖਦਾ ਹੈ ਤੇ ਇਸ ਨਾਲ ਅਕਲ ਤੇ ਤਜਰਬਾ ਹਾਸਲ ਹੁੰਦਾ ਹੈ । ਮੇਹਨਤ ਆਦਮੀ ਨੂੰ ਤਸੱਲੀ, ਸ਼ਾਂਤੀ ਤੇ ਪਰਸੰਨਤਾ ਦੇਣ ਵਾਲੀ ਅਰ ਹੌਸਲਾ ਬਨਾਉਣ ਵਾਲੀ ਚੀਜ਼ ਹੈ । ਮੇਹਨਤ ਆਦਮੀ ਨੂੰ ਲੋਭ, ਤ੍ਰਿਸ਼ਨਾ ਤੇ ਭੈੜੀਆਂ ਖਾਹਸ਼ਾਂ ਤੋਂ ਬਚਾਉਂਦੀ ਹੈ।

-੪੪-