ਪੰਨਾ:ਚੁਲ੍ਹੇ ਦੁਆਲੇ.pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਚਿਠੀ ਕਮਾਨ-ਅਫ਼ਸਰ ਵਲੋਂ ਨਿਕਲੀ ਸੀ, ਜੋ ਲੜਾਈ ਵਿਚੋਂ ਉਹਦੇ ਪੁੱਤ ਦੇ ਮਰਨ ਦੀ ਚੰਦਰੀ ਖ਼ਬਰ ਲੈ ਕੇ ਆਈ ਸੀ । ਉਸ ਦਿਨ ਵੀ ਤਾਈ ਦੇ ਕੋਠੇ ਉਤੇ ਕਾਂ ਬੋਲਿਆ ਸੀ।

ਤਾਈ ਨਿਹਾਲੀ ਨਿਕੀਆਂ ਨਿਕੀਆਂ ਗੱਲਾਂ ਦੇ ਵਹਿਮ ਵਿਚਾਰਦੀ। ਘਰੋਂ ਤੁਰਦੀ ਨੂੰ ਜੇ ਅਗੋਂ ਪਾਣੀ ਦਾ ਘੜਾ ਜਾਂ ਚੂਹੜਾ ਮਿਲ ਪੈਂਦਾ ਤਾਂ ਉਹ ਸਿਧ ਮਨਾਉਂਦੀ । ਪਰ ਜੇ ਪਾਥੀਆਂ, ਲਕੜਾਂ, ਬਾਹਮਣ, ਨੰਬਰਦਾਰ, ਜਾਂ ਕੋਈ ਸਿਰ ਉਤੇ ਖ਼ਾਲੀ ਟੋਕਰਾ ਚੁਕੀ ਟੱਕਰ ਜਾਂਦਾ, ਤਾਂ ਉਹ ਝਟ ਪਿਛੇ ਮੁੜ ਪੈਂਦੀ।

ਪਹਿਲੀਆਂ ਵਿਚ, ਉਹ ਕਾਂ ਦੇ ਕੁਰਲਾਣ ਨੂੰ ਏਨਾ ਮੰਦਾ ਨਹੀਂ ਸੀ ਜਾਣਦੀ, ਉਹ ਸਮਝਦੀ ਕਿ ਬੜੀ ਹਦ ਕੋਈ ਪ੍ਰਾਹੁਣਾ ਆ ਜਾਏਗਾ, ਜਿਸਦੀ ਖੇਚਲ ਉਹ ਔਖੀ ਸੌਖੀ ਝਲ ਲਏਗੀ। ਪਰ ਹੁਣ ਉਹ ਕਾਂ ਨੂੰ ਇਕ ਜਮਦੂਤ ਮੰਨਦੀ, ਜਿਸਦੇ ਸੰਘ ਵਿਚ ਉਹਦੇ ਪੁਤ ਦੀ ਮੌਤ ਕੁਰਲਾਈ ਸੀ ।

ਕਰਤਾਰ ਦੀ ਮੌਤ ਨੇ ਤਾਈ ਨੂੰ ਹਰਾ ਦਿਤਾ-ਪਲੋਠੀ ਦਾ ਤ੍ਹੜੇ ਵਰਗਾ ਕਮਾਊ ਪੁਤ ਟੱਬਰ ਨੂੰ ਰੁਲਦਾ ਛਡ ਕੇ ਮਰ ਗਿਆ ਸੀ-ਤਾਏ ਦੀ ਛਾਤੀ ਵਿਚ ਟੋਇਆ ਪੈ ਗਿਆ, ਜਿਸ ਟੋਏ ਵਿਚ ਉਹਦਾ ਨਿਕਾ ਪੁਤ ਬਲਵੰਤ ਸਾਰਾ ਹੀ ਨਿਘਰਿਆ ਪਿਆ ਸੀ । ਤੇ ਇਹ ਟੋਇਆ ਪੂਰਿਆ ਵੀ ਕਿਵੇਂ ਜਾ ਸਕਦਾ ਸੀ ?

ਹਾਂ, ਤਾਈ ਨੂੰ ਏਨਾ ਹੌਂਕਾ ਜ਼ਰੂਰ ਹੈ ਕਿ ਉਹਦਾ ਲੱਠ ਵਰਗਾ ਪੁਤ ਜੁਆਨਾਂ ਦੀ ਮੌਤ ਕਦੇ ਨਾ ਮਰਦਾ, ਜੇ ਉਹ ਫ਼ੌਜ ਵਿਚ ਭਰਤੀ ਹੋ ਕੇ ਜੰਗ ਨੂੰ ਨਾ ਜਾਂਦਾ । 'ਸੱਜਰੇ ਲਹੂ ਵਲ ਝਾਕਣ ਦਾ ਹੀਆ ਮੌਤ ਵਿਚ ਕਿਥੇ !' ਇਹ ਖ਼ਿਆਲ ਉਹਦੇ ਅਚੇਤ ਮਨ ਵਿਚੋਂ ਲੰਘ ਕੇ ਨਿਸ਼ਚਾ ਕਰਾਉਂਦਾ, ਜਦ ਕਦੇ ਉਹ ਆਪਣੀਆਂ ਪੂਣੀ-ਚਿਟੀਆਂ ਉਲਝੀਆਂ ਲਿਟਾਂ ਵਿਚ ਕੰਬਦੀਆਂ ਉਗਲਾਂ ਵਾਹੁੰਦੀ।

੧੮੪