ਪੰਨਾ:ਚੁਲ੍ਹੇ ਦੁਆਲੇ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੁਗਤਣ ਕਦੋ ਦੇਂਦੇ ਸੀ ? ਜਿਉਂ ਹੀ ਉਸ ਦਾ ਸਾਹ ਵਿਚ ਸਾਹ ਮਿਲਿਆ ਉਹ ਹੇਠ ਰਸੋਈ ਵਿਚ ਵਿੱਦਿਆ ਦੀ ਮਦਦ ਨੂੰ ਆ ਗਈ।

ਅਸ਼ਨਾਨ ਕਰਕੇ, ਅਯੋਗਤਾ ਦਾ ਦੋਸ਼ੀ, ਸ਼ਾਮ ਲਾਲ ਅਨ੍ਹੇਰੇ ਨੂੰ ਹਰ ਸ਼ੈ ਤੋਂ ਆਪਣੀ ਚਾਦਰ ਪਾਂਦੇ ਦੇਖਣ ਤੋਂ ਸਿਵਾ ਹੋਰ ਕੀ ਕਰ ਸਕਦਾ ਸੀ ? ਇਸ ਰੌਲੇ ਤੇ ਬਖੇੜ ਦੀ ਦੁਨੀਆਂ ਤੋਂ ਬੇਲਾਗ ਹੋ ਕੇ ਉਹ ਵੇਦਾਂਤ ਦੀ ਦੁਨੀਆਂ ਵਿਚ ਉਡਾਰੀਆਂ ਲਾਣ ਲਈ ਤਿਆਰ ਹੋਕੇ ਬੈਠ ਗਿਆ । ਆਰੰਭ ਉਸ ਨੇ ਮਨੁਖ ਤੇ ਵਿਚਾਰ ਕਰਨ ਨਾਲ ਕੀਤਾ । ਮਨੁਖ ਦੀ ਕੀ ਹਸਤੀ ਹੈ ? ਇਹ ਅਮੀਰ ਹੋ ਸਕਦਾ ਹੈ, ਗ਼ਰੀਬ ਹੋ ਸਕਦਾ ਹੈ । ਇਹ ਦਿਹਾੜੀ ਦਾ ਸੌ ਰੁਪਿਆ ਕਮਾ ਸਕਦਾ ਹੈ ਤੇ ਇਹ ਦਿਨ ਭਰ ਵਿਚ ਚਾਰ ਆਨੇ ਵੀ ਨਹੀਂ ਬਣਾ ਸਕਦਾ । ਬਾਹਰਲੀ ਦੁਨੀਆਂ ਨੂੰ ਸ਼ਾਮ ਲਾਲ ਨੇ ਇਤਨਾ ਧਿਆਨ ਕਦ ਦਿਤਾ ਸੀ ਜੋ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਸਕਦਾ ? ਮਨੁਖਾ ਜਤਨ ਨੂੰ, ਜਿਤਨਾਕੁ ਉਹ ਆਪਣੇ ਤਜਰਬੇ ਤੋਂ ਜਾਣਦਾ ਸੀ, ਉਹ ਇਕ ਬਹੁਤ ਅਦਨਾ ਤਾਕਤ ਸਮਝਦਾ ਸੀ। ਇਹ ਸਿਰਫ਼ ਕਿਸਮਤ ਹੀ ਹੈ ਜੋ ਆਦਮੀ ਤੇ ਆਦਮੀ ਵਿਚ ਇਤਨਾ ਫ਼ਰਕ ਪਾ ਸਕਦੀ ਹੈ, ਇਸ ਦਾ ਵਿਸਵਾਸ਼ ਸੀ । ਤੇ ਇਸ ਤੋਂ ਉਪਰੰਤ ਜੇ ਕੋਈ ਗਲ ਮਨੁਖ ਦੀ ਸਮਝ ਵਿਚ ਨਾ ਆਵੇ ਤਾਂ ਕਰਮ ਦਾ ਸਿਧਾਂਤ ਸਭ ਗੁੰਝਲਾਂ ਖੋਲ੍ਹਣ ਵਾਲਾ ਹੈ ਹੀ। ਸ਼ਾਮ ਲਾਲ ਗਰੀਬ ਸੀ ਤੇ ਦੁਖੀ ਸੀ, ਇਸ ਲਈ ਕਿ ਉਸ ਨੇ ਪਿਛਲੇ ਜਨਮ ਵਿਚ ਚੰਗੇ ਕਰਮ ਨਹੀਂ ਸਨ ਕੀਤੇ। ਉਸ ਨੂੰ ਇਹ ਸੋਝੀ ਨਹੀਂ ਸੀ ਕਿ ਪਿਛਲੇ ਜਨਮ ਦੇ ਮੰਦੇ ਕਰਮ ਇਤਨਾ ਦੁਖੀ ਨਹੀਂ ਕਰ ਸਕਦੇ ਜਿਤਨੀ ਇਸ ਜਨਮ ਵਿਚ ਕਾਰਜ ਸਾਧਣ ਦੀ ਪਦਾਰਥ ਅਯੋਗਤਾ । ਯੋਗਤਾ, ਉਸ ਦੀ ਅਕਲ ਦੇ ਖ਼ਜ਼ਾਨੇ ਤੋਂ ਬਾਹਰਲੀ ਵਸਤ ਸੀ; ਕਿਸਮਤ ਦੀ ਨੀਂਹ ਉਤੇ ਉਸ ਦੀ ਫ਼ਿਲਾਸਫ਼ੀ ਦਾ ਉੱਚਾ ਮਹਲ ਉਸਰਿਆ ਹੋਇਆ ਸੀ।

੮੩