ਪੰਨਾ:ਚੰਬੇ ਦੀਆਂ ਕਲੀਆਂ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( 90 )

ਭੇਟਾ ਕਬੂਲ ਕੀਤੀ। ਭੀਲਾਂ ਨੇ ਆਪਣੀ ਬੋਲੀ ਵਿਚ ਉਸ ਨੂੰ ਦਸਿਆ ਜੋ ਇਹ ਆਦਮੀ ਜ਼ਮੀਨ ਲੈਣ ਨੂੰ ਆਇਆ ਹੈ। ਉਸ ਨੇ ਉਰਦੂ ਵਿਚ ਬੰਤਾ ਸਿੰਘ ਨੂੰ ਕਿਹਾ- "ਮੈਂ ਖੁਸ਼ ਹਾਂ, ਤੈਨੂੰ ਜੇਹੜੀ ਜ਼ਮੀਨ ਪਸੰਦ ਹੋਵੇ ਤੂੰ ਰਖ ਲੈ।"

ਬੰਤਾ ਸਿੰਘ ਨੇ ਦਿਲ ਵਿਚ ਸੋਚਿਆ-ਮੈਂ ਐਵੇ ਕਿਸ ਤਰਾਂ ਰਖਾਂਗਾ। ਕੀ ਪਤਾ ਹੈ ਇਹ ਮੈਨੂੰ ਅੱਜ ਦੇ ਦੇਣ, ਤੇ ਕੱਲ੍ਹ ਲੈ ਲੈਣ, ਕੁਛ ਲਿਖ ਪੜ੍ਹ ਹੋਣੀ ਚਾਹੀਦੀ ਹੈ। ਇਸ ਵਾਸਤੇ ਸਰਦਾਰ ਨੂੰ ਕਹਿਣ ਲਗਾ - ਮੈਂ ਤੁਹਾਡੀ ਕਿਰਪਾ ਦਾ ਬਹੁਤ ਧੰਨਵਾਦੀ ਹਾਂ, ਤੁਹਾਡੇ ਪਾਸ ਬਹੁਤ ਜ਼ਮੀਨ ਹੈ, ਮੈਨੂੰ ਥੋੜੀ ਜਿਹੀ ਚਾਹੀਦੀ ਹੈ। ਜੇ ਤੁਸੀਂ ਜ਼ਮੀਨ ਕਛਕੇ ਮੇਰੇ ਹਵਾਲੇ ਕਰੋ ਤਾਂ ਮੇਰੀ ਤਸੱਲੀ ਹੋ ਜਾਵੇ। ਜੀਵਨ ਮਰਨ ਰਬ ਦੇ ਹਥ ਵਿਚ ਹੈ, ਤੁਸੀਂ ਮੈਨੂੰ ਅਜ ਜ਼ਮੀਨ ਦੇਦੇ ਹੋ, ਕੀ ਪਤਾ ਹੈ ਕੱਲ ਤੁਸਾਡੇ ਪੁਤ੍ਰ ਖੋਹ ਲੈਣ।"

ਸਰਦਾਰ ਨੇ ਕਿਹਾ-"ਤੇਰੀ ਗਲ ਠੀਕ ਹੈ, ਅਸੀਂ ਜ਼ਮੀਨ ਦਾ ਕਬਜ਼ਾ ਤੈਨੂੰ ਦਿਆਂਗੇ ਅਤੇ ਸ਼ਹਿਰ ਵਿਚ ਜਾਕੇ ਮੁਨਸ਼ੀ ਪਾਸ ਲਿਖ ਪੜ੍ਹ ਭੀ ਕਰਾ ਦਿਆਂਗੇ। ਜਿਕੂੰ ਤੇਰੀ ਤਸੱਲੀ ਹੋ ਸਕੇ ਤਿਵੇਂ ਕਰਾਂਗੇ।

ਬੰਤਾ ਸਿੰਘ ਨੇ ਪੁਛਿਆ-"ਜ਼ਮੀਨ ਦਾ ਮੁਲ ਕੀ ਹੋਵੇਗਾ?"

ਸਰਦਾਰ-"ਸਾਡਾ ਮੁਲ ਇਕੋ ਹੈ, ਇਕ ਦਿਨ ਦੇ ਇਕ ਹਜ਼ਾਰ ਰੁਪਏ ਲਵਾਂਗੇ।"