ਪੰਨਾ:ਚੰਬੇ ਦੀਆਂ ਕਲੀਆਂ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( 119 )




ਰੱਬ ਕਿੱਥੇ ਵਸਦਾ ਹੈ ?


ਕਿਸੇ ਸ਼ਹਿਰ ਵਿਚ ਸੰਤੂ ਨਾਮ ਦਾ ਇਕ ਪੂਰਬੀਆ ਮੋਚੀ ਰਹਿੰਦਾ ਸੀ। ਵਡੇ ਸ਼ਹਿਰਾਂ ਵਿਚ ਮਕਾਨਾਂ ਦੇ ਕਰਾਏ ਲਹੂ ਪੀਂਦੇ ਹਨ, ਇਸ ਲਈ ਸੰਤੂ ਨੇ ਇਕ ਵਡੇ ਮਕਾਨ ਦਾ ਭੋਰਾ ਹੀ ਕਿਰਾਏ ਤੇ ਲਿਆ ਹੋਇਆ ਸੀ, ਜਿਸਦੀ ਖਿੜਕੀ ਬਜ਼ਾਰ ਵਲ ਸੀ। ਇਸ ਖਿੜਕੀ ਦੇ ਵਿਚੋਂ ਸੰਤੂ ਨੂੰ ਆਉਣ ਜਾਣ ਵਾਲਿਆਂ ਦੇ ਪੈਰ ਨਜ਼ਰ ਆਉਂਦੇ ਸਨ ਅਰ ਸੰਤੂ ਲੋਕਾਂ ਨੂੰ ਪੈਰਾਂ ਤੋਂ ਪਛਾਣਦਾ ਸੀ। ਉਸ ਨੂੰ ਇਥੇ ਰਹਿੰਦਿਆਂ ਕਈ ਸਾਲ ਬੀਤ ਗਏ ਅਰ ਉਸ ਦੇ ਬਥੇਰੇ ਲੋਕ ਜਾਣੂੰ ਹੋ ਗਏ। ਬਜ਼ਾਰ ਵਿਚ ਭਾਵੇਂ ਹੀ ਕੋਈ ਜੁਤੀ ਅਜੇਹੀ ਲੰਘਦੀ ਹੋਊ, ਜਿਸ ਨੂੰ ਸੰਤੂ ਨੇ ਸੀਤਾ ਜਾਂ ਗੰਢਿਆ ਨ ਹੋਵੇ। ਕੰਮ ਸੁਥਰਾ ਕਰਦਾ ਸੀ, ਚਮੜਾ ਚੰਗਾ ਤੇ ਪੈਸੇ ਵੀ ਵਾਜਬੀ ਲਾਉਂਦਾ ਸੀ, ਡੋਰ ਪੱਕੀ ਵਰਤਦਾ ਸੀ, ਇਸ ਲਈ ਲੋਕ ਇਸ ਨੂੰ ਬਹੁਤ ਕੰਮ ਦੇਂਦੇ ਸਨ। ਝੂਠੇ ਲਾਰੇ ਇਸ ਨੇ ਕਦੇ ਨਹੀਂ ਸੀ ਲਾਏ। ਜੇ ਕੰਮ ਸਮੇਂ ਸਿਰ ਕਰ ਸਕਦਾ ਸੀ ਤਾਂ ਹੱਥ ਪਾਉਂਦਾ ਸੀ, ਨਹੀਂ ਤਾਂ ਪਹਿਲਾਂ ਹੀ ਜਵਾਬ ਦੇ ਦੇਦਾ ਸੀ। ਇਹਨਾਂ ਗੁਣਾਂ ਦੇ ਕਾਰਣ ਸੰਤੂ ਨੂੰ ਕੰਮ ਦਾ ਕੋਈ ਘਾਟਾ ਨਹੀਂ ਸੀ। ਚੰਗਾ ਆਦਮੀ ਸੀ ਅਰ ਹੁਣ ਬੁਢੇ ਹੋਇਆਂ ਉਸ ਨੂੰ ਰੱਬ ਵਾਲੇ ਪਾਸੇ ਦਾ ਫਿਕਰ ਲਗਾ।