ਪੰਨਾ:ਚੰਬੇ ਦੀਆਂ ਕਲੀਆਂ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯ )

ਜੁਰਮ ਲਾਕੇ ਕਾਲੇ ਪਾਣੀ ਕਰਾ ਦਿਤਾ। ਮੈਂ ਕਈ ਵਾਰ ਕਿਹਾ ਕਿ ਮੈਂ ਡਾਕਾ ਨਹੀਂ ਮਾਰਿਆ, ਸੜਕ ਤੇ ਪਈ ਚੀਜ਼ ਚੁਕੀ ਹੈ, ਪਰੰਤੂ ਉਨ੍ਹਾਂ ਇਕ ਨਾਂ ਸੁਣੀ। ਭਾਵੇਂ ਮੇਰੇ ਕਰਤੂਤ ਤਾਂ ਅਜੇਹੇ ਹਨ ਕਿ ਅਜ ਤੋਂ ਕਈ ਵਰ੍ਹੇ ਪਹਿਲਾਂ ਮੈਨੂੰ ਇਥੇ ਪਹੁੰਚ ਜਾਣਾ ਚਾਹੀਦਾ ਸੀ, ਪਰ ਹੁਣ ਤਾਂ ਮੈਂ ਐਵੇਂ ਨਿਰਦੋਸਾ ਹੀ ਆਇਆ ਹਾਂ। ਹੱਛਾ, ਹੁਣ ਦੁਖੜੇ ਫੋਲਨ ਦਾ ਕੀ ਲਾਭ, ਮੈਂ ਤਾਂ ਅਗੇ ਭੀ ਕਾਲੇ ਪਾਣੀ ਰਹਿ ਚੁਕਾ ਹਾਂ, ਪਰੰਤੂ ਓਦੋਂ ਥੋੜਾ ਹੀ ਚਿਰ................।'

ਇਕ ਕੈਦੀ ਨੇ ਪੁਛਿਆ: "ਭਾ ਆਪਣੇ ਘਰ ਕਿਥੇ ਕੁ ਨੇ?"

ਨਵਾਂ ਕੈਦੀ ਬੋਲਿਆ - "ਘਰ ਤਾਂ ਮੇਰਾ ਗੁਜਰਾਂਵਾਲੇ ਦੇ ਜ਼ਿਲੇ ਕਰੀਮ ਨਗਰ ਪਿੰਡ ਹੈ। ਨਾਂ ਮੇਰਾ ਰਹੀਮਾਂ ਤੇ ਪਿਉ ਮੇਰੇ ਦਾ ਨਾਂ ਕਾਦਰਾ ਹੈ।

ਰਘਬੀਰ ਸਿੰਘ ਨੇ ਕਰੀਮ ਨਗਰ ਦਾ ਨਾਂ ਸੁਣਕੇ ਸਿਰ ਉੱਪਰ ਚੁਕਿਆ ਤੇ ਪੁਛਣ ਲਗਾ: "ਭਰਾ ਰਹੀਮਾ! ਤੈਂ ਕਦੀਂ ਰਘਬੀਰ ਸਿੰਘ ਸੌਦਾਗਰ ਦਾ ਨਾਂ ਭੀ ਸੁਣਿਆਂ ਹੋਇਆ ਹੈ? ਉਸ ਦੇ ਪੁਤ੍ਰ ਪੋਤਰੇ ਅੱਜ ਕਲ ਕੋਈ ਹੈਨ ਕਿ ਨਹੀਂ?"

ਰਹੀਮੇ ਆਖਿਆ - "ਹਾਂ ਮੈਂ ਉਨ੍ਹਾਂ ਨੂੰ ਜਾਣਦਾ ਹਾਂ, ਰਘਬੀਰ ਸਿੰਘ ਤਾਂ ਇਥੇ ਕਾਲੇ ਪਾਣੀ ਹੈ, ਉਸ ਦੇ ਬਾਲ ਬਚਿਆਂ ਨੇ ਚੰਗਾ ਕੰਮ ਧੰਧਾ ਸਾਂਭਿਆ ਹੋਇਆ ਹੈ ਅਰ ਉਹ ਚੋਖੇ ਧਨੀ ਹਨ, ਉਨ੍ਹਾਂ ਦੇ ਪਿਉ ਨੇ ਤਾਂ ਕੋਈ ਬੜਾ ਹੀ ਭਾਰੀ ਜੁਰਮ ਕੀਤਾ ਹੋਣਾ ਹੈ ਜੇਹੜਾ ਇਥੇ ਆਇਆ, ਤੇ ਬਾਬਾ ਜੀ! ਤੁਸੀ ਦਸੋ ਖਾਂ ਤੁਸੀਂ ਇਥੇ ਕਾਲੇ ਪਾਣੀ ਕਿਵੇਂ ਆਏ?"