ਪੰਨਾ:ਦਲੇਰ ਕੌਰ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੪ )

ਉਸਨੂੰ ਜੋ ਗੁੱਸਾ ਆਇਆ ਉਸਨੇ ਹਲਕੇ ਫੁਲਕੇ ਮੁਹੰਮਦ ਬਖਸ਼ ਨੂੰ ਚੁੱਕ ਕੇ ਜ਼ਮੀਨ ਤੇ ਦੇਹ ਮਾਰਿਆ ਅਤੇ ਲੱਗਾ ਮੌਲਾਨਾ ਸਾਹਿਬ ਦੀ ਮੁਰੰਮਤ ਕਰਨ, ਪਰ ਛੇਤੀ ਹੀ ਨਾਦਰ ਸ਼ਾਂ ਨੇ ਦੋਹਾਂ ਨੂੰ ਛੁਡਾ ਦਿੱਤਾ। ਦੋਵੇਂ ਜਣੇ ਆਪੋ ਆਪਣੇ ਦਿਲਾਂ ਦੇ ਗੁਬਾਰ ਮੂੰਹਾਂ ਥਾਣੀ ਕੱਢ ਰਹੇ ਸਨ ਕਿ ਇੱਜ਼ਤਬੇਗ ਨੇ ਦੋਹਾਂ ਜਣਿਆਂ ਨੂੰ ਬਿਠਾਯਾ ਅਤੇ ਨਾਦਰ ਨੂੰ ਕਿਹਾ ਕਿ "ਜਾਓ, ਇਕ ਬੋਤਲ ਲਿਆਓ, ਇਨ੍ਹਾਂ ਦੀ ਸੁਲਹ ਕਰਾਈਏ" ਦੋਵੇਂ ਜਣੇ ਨਾਂਹ ਨਾਂਹ ਕਰਦੇ ਰਹੇ, ਪਰ ਇੱਜ਼ਤਬੇਗ ਸਮਝਦਾ ਸੀ ਕਿ ਏਹ ਨਾਂਹ ਉੱਤੋਂ ਉੱਤੋਂ ਹੀ ਹੈ, ਵਿੱਚੋਂ ਤਾਂ ਦੋਵੇਂ ਜਣੇ ਬੜੇ ਪ੍ਰਸੰਨ ਹਨ।

ਥੋੜੇ ਹੀ ਚਿਰ ਵਿੱਚ ਨਾਦਰ ਦੋ ਬੋਤਲਾਂ ਲੈ ਕੇ ਆ ਪਹੁੰਚਾ, ਲੱਗਾ ਦਉਰ ਉੱਡਣ। ਜਿਸ ਵੇਲੇ ਚਾਰੇ ਜਣੇ ਨਸ਼ੇ ਵਿਚ ਐਨ ਗੁੱਟ ਹੋ ਗਏ ਤਾਂ ਫੇਰ ਗੱਲਾਂ ਹੋਣ ਲਗੀਆਂ।

ਇੱਜ਼ਤ ਬੇਗ- ਹਾਂ ਬਈ ਨਾਦਰ ਸ਼ਾਹ! ਦੇ ਜ਼ੈਨਬ ਅਤੇ ਦਲੇਰ ਕੌਰ ਦੀ ਗੱਲ ਤਾਂ ਵਿੱਚ ਹੀ ਰਹੀ।

ਨਾਦਰ-(ਹੈਰਾਨ ਹੋ ਕੇ) ਦਲੇਰ ਕੌਰ ਦੀ ਗੱਲ ਕੇਹੀ?

ਇੱਜ਼ਤਬੇਗ-ਬਈ ਏਹ ਗੱਲ ਹੈ ਕਿ ਜੇ ਅਸੀਂ ਜ਼ੈਨਬ ਦਾ ਪਤਾ ਕੱਢਣ ਲਈ ਸਿੱਖਾਂ ਨੂੰ ਲੱਭਾਂਗੇ ਤਾਂ ਦਲੇਰ ਕੌਰ ਵੀ ਤਾਂ ਮਿਲੇਗੀ ਹੀ, ਫੇਰ ਓਸ ਨੂੰ ਫੜ ਲਿਆਉਣ ਵਿੱਚ ਕੋਈ ਹਰਜ ਹੈ?

ਨਾਦਰ-ਕੀ ਤੁਹਾਡੇ ਦਿਲੋਂ ਅਜੇ ਤੱਕ ਦਲੇਰ ਕੌਰ ਦਾ ਖਿਆਲ ਨਹੀਂ ਗਿਆ?