ਪੰਨਾ:ਦਲੇਰ ਕੌਰ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੭੭ )

ਪਿਆ, ਥੋੜੇ ਚਿਰ ਵਿੱਚ ਹੀ ਉਸ ਨੇ ( ਰੋਣ ਹਾਕਾ ਮੂੰਹ ਬਣਾ ਕੇ ) ਅਕਬਰ ਨੂੰ ਸ਼ਰਬਤ ਸ਼ਹਾਦਤ ਪਿਲਾ ਦਿੱਤਾ, ਮੇਰੀ ਤਲਵਾਰ ਲੜਾਈ ਵਿੱਚ ਟੁੱਟ · ਗਈ ਮੈਂ ਜਾਨ ਬਚਾ ਕੇ ਨੱਸ ਆਯਾ।

ਇੱਜ਼ਤ ਬੇਗ-ਲਾਨ੍ਹਤ ਹੈ ਤੈਨੂੰ, ਬੇ ਹਯਾ! ਕੀ ਤੂੰ ਪਠਾਨ ਦਾ ਬੱਚਾ ਹੈਂ ਜੋ ਇੱਕ ਕਾਫ਼ਰ ਪਾਸੋਂ ਡਰਕੇ ਆਪਣੀ ਭੈਣ ਨੂੰ ਉਸਦੇ ਪਾਸ ਛੱਡ ਕੇ ਨੱਸ ਆਇਓਂ?

ਨਾਦਰ-(ਖਸਿਆਨਾ ਹੋ ਕੇ) ਨਹੀਂ ਜੀ, ਓਹ ਇਕੱਲਾ ਨਹੀਂ ਸੀ, ਉਸਦੇ ਨਾਲ ਤਾਂ ਕਿੰਨੇ ਹੀ ਆਦਮੀ ਸਨ।

ਇੱਜ਼ਤ ਬੇਗ-ਹਾਇ! ਭਾਵੇਂ ਕਿੰਨੇ ਆਦਮੀ ਹੁੰਦੇ,ਤੇਰੇ ਵਿੱਚ ਰਤਾ ਬਹਾਦਰੀ ਨਹੀਂ, ਰਤਾ ਮਰਦਊ ਨਹੀਂ? ਜੇ ਤੇਰੇ ਵਿੱਚ ਜ਼ਰਾ ਵੀ ਗੈਰਤ ਹੁੰਦੀ ਤਾਂ ਓਥੇ ਹੀ ਕੱਟਕੇ ਮਰ ਜਾਂਦੋਂ, ਤੇਰੇ ਨਾਲੋਂ ਤਾਂ ਅਕਬਰ ਹੀ ਚੰਗਾ ਨਿਕਲਿਆ। ਸ਼ਾਬਾਸ਼, ਅਕਬਰ! ਸ਼ਾਬਾਸ਼!!!

ਨਾਦਰ-ਚਾਚਾ ਜੀ, ਤੁਸੀਂ ਜੋ ਜੀ ਚਾਹੇ ਕਹੋ, ਪਰ ਓਸ ਵੇਲੇ ਤਾਂ ਨੱਸ ਆਉਣਾ ਹੀ ਚੰਗਾ ਸੀ। ਜੇ ਮੈਂ ਵੀ ਓਥੇ ਹੀ ਮਾਰਿਆ ਜਾਂਦਾ ਤਾਂ ਤੁਹਾਨੂੰ ਕੌਣ ਆਕੇ ਖਬਰ ਦੇਂਦਾ? ਹੁਣ ਤਾਂ ਮੈਂ ਆ ਕੇ ਖਬਰ ਦੇ ਦਿੱਤੀ ਹੈ, ਅਤੇ ਜ਼ੈਨਬ ਨੂੰ ਕਾਫ਼ਰਾਂ ਦੇ ਹੱਥੋਂ ਛੁਡਾਉਣ ਦਾ ਬੰਦੋਬਸਤ ਹੋ ਸਕਦਾ ਹੈ। ਜੇਕਰ ਮੈਂ ਮਾਰਿਆ ਜਾਂਦਾ ਤਾਂ ਕੀ ਹੁੰਦਾ, ਕੁਝ ਵੀ ਨਾ।

ਏਹ ਗੱਲ ਸੁਣਕੇ ਇੱਜ਼ਤ ਬੇਗ ਦਾ ਗੁੱਸਾ ਕੁਝ ਠੰਢਾ ਹੋਯਾ, ਹੁਣ ਓਹ ਕਹਿਣ ਲੱਗਾ “ਚੰਗਾ, ਵਾਹਵਾਹ! ਹੁਣ ਉਸਨੂੰ ਛੁਡਾਉਣ ਲਈ ਕੀ ਬੰਦੋਬਸਤ ਕਰੀਏ? 'ਹਾਇ,