ਪੰਨਾ:ਦਲੇਰ ਕੌਰ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੭ )

ਸਿੰਘ ਨਾਲ ਨਿਕਾਹ (ਅਨੰਦ) ਵੀ ਕੀਤਾ ਜਾ ਸਕਦਾ ਹੈ।

ਜ਼ੈਨਬ-ਨਹੀਂ, ਮੈਂ ਸਾਰੀ ਉਮਰ ਪ੍ਰਮੇਸ਼ਰ ਦੀ ਬੰਦਗੀ ਹੀ ਕਰਨੀ ਚਾਹੁੰਦੀ ਹਾਂ, ਮੇਰੇ ਦਿਲ ਵਿਚ ਹੁਣ ਕੋਈ ਕਾਮਨਾ ਨਹੀਂ ਰਹੀ।

ਬਹਾਦਰ ਸਿੰਘ-ਏਹ ਤੁਹਾਡੀ ਆਪਣੀ ਮਰਜ਼ੀ ਪੁਰ ਹੈ, ਕੋਈ ਜ਼ੋਰ ਨਹੀਂ ਦੇ ਸਕਦਾ।

ਏਹ ਕਹਿਕੇ ਬਹਾਦਰ ਸਿੰਘ ਨੇ ਜ਼ੈਨਬ ਨੂੰ "ਗੁਰਮੰਤ੍ਰ" ਦੱਸਿਆ। ਜ਼ੈਨਬ ਨੇ ਇਸਨੂੰ ਉਰਦੂ ਵਿਚ ਲਿਖ ਲਿਆ। ਬਹਾਦਰ ਸਿੰਘ ਨੇ ਕਿਹਾ ਕਿ ਤੁਹਾਨੂੰ ਕੱਲ ਤੋਂ ਗੁਰਮੁਖੀ ਪੜ੍ਹਨੀ ਸ਼ੁਰੂ ਕਰ ਦਿਆਂਗੇ।

ਜਦ ਏਹ ਦੋਵੇਂ ਜਣੇ ਉੱਠੇ ਤਾਂ ਦੋਹਾਂ ਦੇ ਮਨ ਹੌਲੇ ਫੁੱਲ ਸਨ, ਦੋਹਾਂ ਦੇ ਲੂੰ ਲੂੰ ਵਿੱਚੋਂ ਸ਼ੁਕਰ ਦੀ ਆਵਾਜ਼ ਨਿਕਲ ਰਹੀ ਸੀ, ਬਹਾਦਰ ਸਿੰਘ ਤਾਂ ਏਸ ਲਈ ਪ੍ਰਸੰਨ ਸੀ ਕਿ ਉਹ ਸਤਿਗੁਰੂ ਦੀ ਕ੍ਰਿਪਾ ਨਾਲ ਇਕ ਔਝੜ ਪਏ ਜੀਵ ਨੂੰ ਸਤਿਗੁਰੂ ਦੀ ਸ਼ਰਨੀ ਲਾਉਣ ਵਿਚ ਕਾਮਯਾਬ ਹੋਇਆ ਸੀ ਤੇ ਜ਼ੈਨਬ ਦੇ ਮਨ ਦੇ ਆਨੰਦ ਦਾ ਤਾਂ ਕੋਈ ਅੰਤ ਹੀ ਨਹੀਂ ਸੀ, ਉਸਨੂੰ ਅੱਜ ਹੀ ਸਮਝ ਆਈ ਸੀ ਕਿ ਮੈਂ ਦੁਨੀਆਂ ਤੇ ਜੰਮੀ ਕਿਉਂ ਸਾਂ? ਅਤੇ ਕਰ ਕੀ ਰਹੀ ਸਾਂ? ਅਤੇ ਹੁਣ ਉਹ ਇਕ ਚੰਗੇ ਸਹਾਇਕ ਦੀ ਰਾਹੀਂ ਸੱਚੇ ਰਸਤੇ ਲੱਗ ਚੁੱਕੀ ਸੀ।