ਪੰਨਾ:ਦਸ ਦੁਆਰ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਏ ਮੁੜ ਉਨ੍ਹਾਂ ਦੇ ਕਮਰੇ ਆਇਆ, ਉਸਦਾ ਚੇਹਰਾ ਕ੍ਰੋਧ ਦੇ ਮਾਰੇ ਅੰਗਾਰਿਆਂ ਵਾਂਗ ਭਖ ਰਿਹਾ ਸੀ ਕਿਉਂ ਜੋ ਉਸ ਨੂੰ ਕਿਸੇ ਨੇ ਖਬਰ ਜਾ ਦਿਤੀ ਸੀ ਜੋ ਰਾਜਵਤੀ ਨੇ ਰਾਮੇਸ਼ਵਰ ਦੇ ਪੁੱਤਰ ਨੂੰ ਆਪਣੇ ਗਲੋਂ ਹਾਰ ਲਾਹ ਦਿਤਾ ਹੈ। ਆਉਂਦਿਆਂ ਹੀ ਡਾਢੇ ਰੋਹ ਵਿਚ ਉਸ ਨੇ ਕੜਕ ਕੇ ਆਖਿਆ----

ਮਿਰੀ ਇਜ਼ਤ ਮਿਰੇ ਜਲਾਲ ਤੇ ਬਿਜਲੀ ਗਿਰਾਵਣ ਵਾਲੀ।

ਮਿਰੇ ਇਕਬਾਲ ਤੇ ਪ੍ਰਤਾਪ ਨੂੰ ਵਟਾ ਲਗਾਵਣ ਵਾਲੀ।

ਤਿਰੀ ਕਰਤੂਤ ਸਾਰੇ ਜਗਤ ਤੇ ਮਸ਼ਹੂਰ ਹੋ ਗਈ ਏ।

ਤਿਰੀ ਇਜ਼ਤ ਮਿਰੇ ਦਿਲ ਤੋਂ ਨਿਪਟ ਕਾਫ਼ੂਰ ਹੋ ਗਈ ਏ।

ਸਿਰਫ਼ ਮੇਰੇ ਮਹਿਲ ਨਹੀਂ ਮੇਰੀ ਰਿਆਸਤ ਵਿਚੋਂ ਨਿਕਲ ਜਾਹ, ਤੈਨੂੰ ਦਸ ਦਿਨਾਂ ਦੀ ਮੋਹਲਤ ਦਿੰਦਾ ਹਾਂ ਜੇ ਇਸ ਦੇ ਮਗਰੋਂ ਕਿਧਰੇ ਨਜ਼ਰੀਂ ਪੈ ਗਈ ਤਾਂ ਜਾਨੋਂ ਮੁਕਾ ਦਿਆਂਗਾ।"

ਰਾਜ ਨੇ ਜਦੋਂ ਆਪਣਾ ਕਸੂਰ ਪੁਛਿਆ ਤਾਂ ਉਸ ਦਾ ਉਤਰ ਘੜਿਆ ਘੜਾਇਆ ਹੋਇਆ ਹੀ ,"ਮੈਨੂੰ ਨਿਸਚਾ ਹੋ ਗਿਆ ਹੈ ਕਿ ਤੂੰ ਪਿਉ ਦੀ ਹੀ ਧੀ ਹੈਂਂ, ਸਪ ਦੇ ਬੱਚੇ ਨੂੰ ਕਿੰਨਾ ਹੀ ਦੁਧ ਪਿਆਈਏ, ਉਹ ਮੁੜ ਵਿਹੁ ਪਲਟਦਾ ਹੈ। ਬਸ ਮੇਰਾ ਇਹ ਅਖੀਰਲਾ ਹੁਕਮ ਹੈ।"

ਸ਼ੀਲਾ ਨੇ ਭੈਣ ਲਈ ਬਥੇਰੇ ਹਾੜੇ ਕਢੇ, ਪ੍ਰੰਤੂ ਅਭਿਮਾਨੀ ਪਿਤਾ ਦੇ ਅਗੇ ਉਸ ਦੀ ਭੀ ਕੋਈ ਪੇਸ਼ ਨਾ ਗਈ ਤੇ ਰਾਜੇ ਦਾ ਰੋਹ ਨਾ ਟਾਲ ਸਕੀ। ਜਦੋਂ ਸ਼ੀਲਾ ਆਪਣਾ ਸਾਰਾ ਵਾਹ ਲਾ ਚੁਕੀ ਅਤੇ ਕਿਸੇ ਹੀਲੇ ਵਿਚ ਪਿਤਾ ਨੂੰ ਰਾਜ ਸੰਬੰਧੀ ਹੁਕਮ ਵਾਪਸ ਲੈਣ ਲਈ ਮਨਾ ਨਾ ਸਕੀ ਤਾਂ ਉਸ ਨੇ ਭੀ ਭੈਣ ਦਾ ਸਾਥ ਦੇਣ ਦਾ ਫ਼ੈਸਲਾ ਕਰ ਕੇ ਆਖਿਆ, “ਭੈਣ ਰਾਜ ! ਪਿਤਾ ਜੀ ਨੇ ਤੈਨੂੰ ਹੀ ਇਹ ਬਨਬਾਸ ਨਹੀਂ ਦਿਤਾ, ਮੈਂ ਭੀ ਤੇਰੇ ਨਾਲ ਹਾਂ। ਮੈਨੂੰ ਤੇਰੇ ਬਿਨਾਂ ਇਨ੍ਹਾਂ ਮਹਲਾਂ ਵਿਚ ਇਕ ਪਲ ਭੀ ਰਹਿਣਾ ਹਰਾਮ ਹੈ।

-੧੦੦-