ਪੰਨਾ:ਦਸ ਦੁਆਰ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਇਕ ਦਇਆ ਤੇ ਉਪਕਾਰ ਦੇ ਕੰਮ ਨਾਲ ਅਰਜਨ ਨੇ ਆਪਣੇ ਭਰਾ ਅਵਤਾਰ ਨੂੰ ਆਪਣਾ ਗੋਲਾ ਬਣਾ ਲਿਆ, ਜੇਹੜਾ ਕਿ ਉਸੇ ਦੇ ਮਾਰਨ ਲਈ ਹੀ ਜੰਗਲ ਵਿਚ ਉਸ ਦੇ ਪਿੱਛੇ ਆਇਆ ਸੀ। ਇਸ ਦਾ ਕਾਰਨ ਇਹ ਸੀ ਜੋ ਰਾਜਵਤੀ ਤੇ ਸ਼ੀਲਾ ਦੇ ਮਹਿਲਾਂ ਤੋਂ ਭੱਜ ਨਿਕਲਨ ਦੇ ਮਗਰੋਂ ਪ੍ਰਧਾਨ ਰਾਏ ਅਰਜਨ ਦੇ ਮਗਰ ਪੈ ਗਿਆ। ਪਰੰਤੂ ਜਦੋਂ ਟੋਲ ਭਾਲ ਦੇ ਮਗਰੋਂ ਭੀ ਉਨ੍ਹਾਂ ਦਾ ਕੋਈ ਪਤਾ ਨ ਲਭਿਆ ਤਾਂ ਰਾਜੇ ਨੇ ਅਵਤਾਰ ਨੂੰ ਬੁਲਾ ਕੇ ਪੁੱਛਿਆ। ਪਰ ਜਦ ਉਸ ਨੇ ਭੀ ਕਿਹਾ ਜੋ ਘੋਲ ਦੇ ਮਗਰੋਂ ਉਹ ਘਰ ਨਹੀਂ ਰਿਹਾ ਤਾਂ ਰਾਜੇ ਨੇ ਉਸ ਉਤੇ ਇਤਬਾਰ ਨ ਕੀਤਾ ਤੇ ਉਸ ਨੂੰ ਹੁਕਮ ਦਿੱਤਾ ਜੋ ਇਕ ਵਰ੍ਹੇ ਦੇ ਅੰਦਰ ਉਸ ਦਾ ਪਤਾ ਕੱਢ ਦੇਵੇ ਨਹੀਂ ਤਾਂ ਉਸ ਦੀ ਜਾਗੀਰ ਜ਼ਬਤ ਕਰ ਲਈ ਜਾਏਗੀ ਤੇ ਉਸ ਨੂੰ ਬੰਦੀਖ਼ਾਨੇ ਪਾ ਦਿੱਤਾ ਜਾਵੇਗਾ। ਇਸੇ ਲਈ ਹੁਣ ਅਵਤਾਰ ਭਰਾ ਦੀ ਭਾਲ ਵਿਚ ਜੰਗਲ ਛਾਣ ਰਿਹਾ ਸੀ। ਉਸ ਦੇ ਇਕੱਲੇ ਆਉਣ ਵਿਚ ਭੀ ਇਕ ਭੇਦ ਸੀ, ਉਹ ਡਰਦਾ ਸੀ ਕਿ ਜੇ ਗੱਲ ਬਾਹਰ ਨਿਕਲ ਗਈ ਤੇ ਅਰਜਨ ਦੇ ਕੰਨਾਂ ਤਕ ਜਾ ਪੁੱਜੀ ਤਾਂ ਉਹ ਪਕੜਾਈ ਨਹੀਂ ਦੇਵੇਗਾ। ਉਸ ਨੂੰ ਆਪਣੇ ਕੰਮ ਵਿੱਚ ਸਫਲਤਾ ਨਾ ਹੋਈ ਤੇ ਇਸ ਤਲਾਸ਼ ਵਿਚ ਥਕ ਟੁਟ ਕੇ ਤਲੇ ਲੇਟਿਆ ਹੋਇਆ ਸੀ ਜਦੋਂ ਅਰਜਨ ਨੇ ਸੱਪ ਤੇ ਸ਼ੇਰਨੀ ਕੋਲੋਂ ਉਸ ਦੀ ਜਾਨ ਬਚਾਈ।

ਅਰਜਨ ਦੀ ਬਾਂਹ ਲਹੂ ਲੁਹਾਨ ਹੋਈ ਪਈ ਸੀ ਤੇ ਫਟਾਂ ਵਿਚੋਂ ਇਤਨਾ ਲਹੂ ਵਗਿਆ ਸੀ, ਜੋ ਹੁਣ ਇਸ ਵਿਚ ਗਿਆਨ ਚੰਦ ਦੇ ਕੋਲ ਪੁੱਜਣ ਦੀ ਹਿੰਮਤ ਨਾ ਰਹੀ ਸੀ। ਇਸ ਲਈ ਉਸ ਨੇ ਆਪਣੇ ਭਰਾ ਅਵਤਾਰ ਨੂੰ ਆਖਿਆ ਜੋ ਉਹ ਜਾ ਕੇ ਆਜੜੀਆਂ ਨੂੰ ਦਸ ਆਵੇ ਜੋ ਉਸ ਦੇ ਮਿੱੱਤ੍ਰ ਦੇ ਸਿਰ ਕੀ ਬੀਤੀ ਹੈ ਤਾਂ ਜੁ ਉਹ ਉਡੀਕਦਾ ਨ ਰਹੇ।

-੧੦੯-