ਪੰਨਾ:ਦਸ ਦੁਆਰ.pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨਾਲ ਘ੍ਰਿਣਾ ਨਹੀਂ ਕਰਦਾ ਤਾਂ ਉਹ ਜ਼ਰੂਰ ਆਪਣੇ ਸਾਰੇ ਭੇਤ ਉਸ ਨੂੰ ਦੱਸਣ ਲੱਗ ਪੈਂਦਾ ਹੈ; ਪਰ ਸਿੱਧੇ ਸਾਦੇ ਬਾਬਾ ਫੂਲਾ ਸਿੰਘ ਕੋਲ ਕਿਹੜੇ ਭੇਤ ਪਏ ਹੋਏ ਸਨ।

ਆਪਣੀ ਸਾਰੀ ਉਮਰ ਵਿਚ ਘਰ ਤੋਂ ਵੀਹ ਮੀਲ ਦੂਰ ਤਾਂ ਉਹ ਕਿਧਰੇ ਗਿਆ ਹੀ ਨਹੀਂ ਸੀ, ਜੋ ਆਪਣੇ ਜੀਵਨ ਦਾ ਹਾਲ ਖੁਲ੍ਹਾ ਡੁਲ੍ਹਾ ਸੁਣਾਉਣ ਲੱਗਾ। ਉਸ ਦੀ ਵਹੁਟੀ ਬਿਸ਼ਨੀ ਤੇ ਉਹ ਨਿੱਕੇ ਹੁੰਦਿਆਂ ਤੋਂ ਹੀ ਇਸੇ ਕੁੱੱਟੀਆ ਵਿਚ ਰਹਿੰਦੇ ਆਏ ਹਨ, ਦਸਾਂ ਨੌਹਾਂ ਦੀ ਕਿਰਤ ਕਮਾਈ ਕਰ ਕੇ ਰੋਟੀ ਕਮਾਂਦੇ ਰਹੇ ਹਨ; ਭਾਵੇਂ ਸਦਾ ਗ਼ਰੀਬ ਰਹੇ ਹਨ, ਪਰ ਫਿਰ ਭੀ ਹਰ ਹਾਲਤ ਅੰਦਰ ਖੁਸ਼ ਰਹੇ ਹਨ। ਉਸ ਨੇ ਇਹ ਵੀ ਦੱਸਿਆ ਕਿ ਉਸ ਦੀ ਵਹੁਟੀ ਕਿਹਾ ਚੰਗਾ ਮੱਖਣ ਤੇ ਪਨੀਰ ਬਣਾਂਦੀ ਹੈ ਤੇ ਉਸ ਦੇ ਬਗ਼ੀਚੇ ਵਿਚ ਕਿਹੀਆਂ ਸੋਹਣੀਆਂ ਸਬਜ਼ੀਆਂ ਪੈਦਾ ਹੁੰਦੀਆਂ ਹਨ ਅਤੇ ਉਨ੍ਹਾਂ ਦੋਹਾਂ ਮਰਦ ਤੀਵੀਂ ਦਾ ਆਪੋ ਵਿਚ ਪਿਆਰ ਸੱਚਾ ਤੇ ਸੁੱਚਾ ਹੈ, ਇਸ ਲਈ ਉਨਾਂ ਦੀ ਦਿਲੀ ਚਾਹ ਹੈ ਜੋ ਮੌਤ ਵੀ ਉਨ੍ਹਾਂ ਨੂੰ ਨਾ ਨਖੇੜੇ, ਸਗੋਂਂ ਜਿਵੇਂ ਉਨ੍ਹਾਂ ਨੇ ਕੱਠਿਆਂ ਉਮਰ ਬਿਤਾਈ ਹੈ ਤਿਵੇਂ ਹੀ ਅਕੱਠੇ ਉਹ ਪ੍ਰਾਣ ਛੋੜਨ। ਜਦੋਂ ਮੁਸਾਫ਼ਰ ਨੇ ਇਹ ਗੱਲ ਸੁਣੀ ਉਸ ਦਾ ਮੁੱਖੜਾ ਖ਼ੁਸ਼ੀ ਨਾਲ ਖਿੜ ਗਿਆ। ਉਸ ਨੇ ਫੂਲਾ ਸਿੰਘ ਨੂੰ ਆਖਿਆ, "ਤੂੰ ਭਲਾ ਪੁਰਸ਼ ਹੈਂ ਤੇ ਤੇਰੀ ਵਹੁਟੀ ਵੀ ਨੇਕ ਹੈ, ਇਸ ਲਈ ਤੁਹਾਡਾ ਹੱਕ ਹੈ ਜੋ ਤੁਹਾਡੀ ਇਹ ਦਿਲ ਦੀ ਚਾਹ ਪੂਰੀ ਹੋ ਜਾਵੇ। ਉਸ ਵੇਲੇ ਫੂਲਾ ਸਿੰਘ ਨੂੰ ਇਉਂ ਪਰਤੀਤ ਹੋਇਆ, ਜੋ ਭਾਵੇਂ ਸੂਰਜ ਡੁੱਬਣ ਹੀ ਲੱਗਾ ਸੀ ਤਾਂ ਵੀ ਪੱਛਮ ਵਲੋਂ ਬੱਦਲਾਂ ਨੇ ਇਕ ਲਿਸ਼ਕ ਮਾਰੀ ਹੈ ਤੇ ਉਸ ਅਚਨਚੇਤ ਚਾਨਣ ਨਾਲ ਆਕਾਸ਼ ਜਗ ਮਗ ਹੋ ਗਿਆ ਹੈ।

ਬਿਸ਼ਨੀ ਨੇ ਇਸ ਵੇਲੇ ਤੋੜੀ ਪ੍ਰਸ਼ਾਦ ਤਿਆਰ ਕਰ ਲੀਤਾ ਸੀ ਤੇ ਉਹ ਦਰਵਾਜ਼ੇ ਵਿਚ ਆ ਕੇ ਅਧੀਨਗੀ ਨਾਲ ਖਿਮਾਂ ਦੀ ਜਾਚਕ ਹੋਈ ਕਿ ਪ੍ਰਾਹੁਣਿਆਂ ਦੇ ਲਾਇਕ ਭੋਜਨ ਤਿਆਰ ਨਹੀਂ

-੧੩੨-