ਪੰਨਾ:ਦਸ ਦੁਆਰ.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਹੈ ਕਿਥੇ ? ਸਾਡੇ ਕਿਸ ਪਾਸੇ ਹੈ ? ਮੈਨੂੰ ਤਾਂ ਕਿਧਰੇ ਵਿਖਾਈ ਨਹੀਂ ਦੇਂਦਾ।"

ਫੂਲਾ ਸਿੰਘ ਤੇ ਬਿਸ਼ਨੀ ਨੇ ਮੈਦਾਨ ਵਲ ਮੁੜ ਕੇ ਤਕਿਆ, ਜਿਥੇ ਇਕ ਰੋਜ਼ ਪਹਿਲਾਂ, ਹਾਂ ਕੇਵਲ ਇਕ ਰੋਜ਼ ਪਹਿਲਾਂ, ਸੁਰਜ ਡੁੱਬਣ ਵੇਲੇ ਉਨ੍ਹਾਂ ਨੇ ਸਾਵੇ ਘਾਹ ਵਾਲੀ ਰਖ ਵੇਖੀ ਸੀ, ਮੈਦਾਨ ਵੀ, ਬਾਗ਼ ਵੀ, ਬ੍ਰਿਛਾਂ ਦੇ ਝੁੰਡ ਤੇ ਖੁਲ੍ਹੀਆਂ ਗਲੀਆਂ ਵੀ, ਖੇਡਦੇ ਬਾਲ ਤੇ ਤੁਰਦੇ ਫਿਰਦੇ ਪੇਂਡੂ, ਮੌਜ ਮੇਲੇ ਤੇ ਰੌਣਕਾਂ ਵੀ ਵੇਖੀਆਂ ਸਨ, ਪਰ ਹੁਣ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਨ੍ਹਾਂ ਨੂੰ ਪਿੰਡ ਦਾ ਕੋਈ ਨਿਸ਼ਾਨ ਵੀ ਨ ਦਿਸਿਆ। ਇਥੋਂ ਤੋੜੀ ਕਿ ਉਹ ਹਰਿਆ ਭਰਿਆ ਮੈਦਾਨ, ਜਿਸ ਵਿਚ ਪਿੰਡ ਆਬਾਦ ਸੀ, ਹੁਣ ਗੁੰਮ ਸੀ। ਇਸ ਦੀ ਥਾਂ ਚਾਰੇ ਪਾਸੇ ਛੰਭ ਦਾ ਪਾਣੀ ਹੀ ਪਾਣੀ ਨਜ਼ਰ ਆਉਂਦਾ ਸੀ ਤੇ ਉਸ ਨਿਰਮਲ ਜਲ ਵਿਚ ਆਸ ਪਾਸ ਦੀਆਂ ਪਹਾੜੀਆਂ ਦਾ ਪਰਛਾਵਾਂ ਇਉਂ ਪੈ ਰਿਹਾ ਸੀ, ਜਿਵੇਂ ਸੰਸਾਰ ਬਣਨ ਦੇ ਵੇਲੇ ਤੋਂ ਹੀ ਇਸੇ ਪਰਕਾਰ ਇਥੇ ਪੈਂਦਾ ਰਿਹਾ ਹੈ। ਇਕ ਪਲ ਕੁ ਤਾਂ ਛੰਭ ਦਾ ਜਲ ਅਡੋਲ ਰਿਹਾ, ਫਿਰ ਇਕ ਲਹਿਰ ਜਿਹੀ ਉਠੀ ਜਿਸਤੋਂ ਵੇਖਦਿਆਂ ਵੇਖਦਿਆਂ ਹੀ ਪਾਣੀ ਕੰਢੇ ਵਲ ਉਛਲਣ ਤੇ ਢਲਕਣ ਲਗ ਪਿਆ ਤੇ ਸੂਰਜ ਦੀਆਂ ਕਿਰਨਾਂ ਨਾਲ ਉਸ ਵਿਚ ਇਕ ਖਾਸ ਪਰਕਾਰ ਦੀ ਚਮਕ ਜੇਹੀ ਪੈਦਾ ਹੋ ਗਈ।

ਬੁੱਢੇ ਜੋੜੇ ਨੂੰ ਉਸ ਵੇਲੇ ਇਉਂ ਜਾਪਿਆ ਕਿ ਉਹ ਸਦਾ ਇਸੇ ਪਰਕਾਰ ਇਹ ਛੰਭ ਵੇਖਦੇ ਰਹੇ ਹਨ ਤੇ ਪਿੰਡ ਸੰਬੰਧੀ ਸਾਰੀਆਂ ਗੱਲਾਂ ਸੁਪਨਾ ਹੀ ਸਨ, ਪਰੰਤੂ ਝਟ ਹੀ ਉਨ੍ਹਾਂ ਨੂੰ ਉਹ ਗੁੰੰਮ ਹੋਏ ਮੈਦਾਨ, ਉਥੇ ਦੇ ਵਸਨੀਕਾਂ ਦੀਆਂ ਸ਼ਕਲਾਂ ਸੂਰਤਾਂ, ਆਦਤਾਂ ਤੇ ਸੁਭਾਵ ਇਉਂ ਸਾਫ਼ ਸਾਫ਼ ਚੇਤੇ ਆ ਗਏ ਜੋ ਉਹ ਸਮਝਣ ਲਗ ਪਏ ਜੋ ਇਹ ਕੋਈ ਸੁਪਨਾ ਨਹੀਂ ਸੀ, ਕਲ੍ਹ ਸੰਧਿਆ ਵੇਲੇ ਸਚ ਮੁਚ ਉਥੇ ਪਿੰਡ ਵੀ ਸੀ ਤੇ ਪਿੰਡ ਵਾਲੇ ਵੀ, ਪਰ ਹੁਣ

-੧੪੩-