ਪੰਨਾ:ਦਸ ਦੁਆਰ.pdf/180

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁੱਖੀ ਮਾਇਆ ਦਾਸ ਨੇ ਹੱਥ ਮਲਦਿਆਂ ਆਖਿਆ, "ਮੇਰੀ ਬੱਚੀ ! ਹਾਏ ਮੇਰੀ ਬੱਚੀ !! ਇਸ ਸਾਰੀ ਧਰਤੀ ਨੂੰ ਸੋਨਾ ਬਣਾਉਣ ਦੇ ਬਦਲੇ ਵੀ ਮੈਂ ਉਸ ਦਾ ਇਕ ਵਾਲ ਵੀ ਕਿਸੇ ਨੂੰ ਵੇਖਣ ਨਾ ਦਿੰਦਾ ! ਹਾਏ, ਹੁਣ ਮੈਂ ਕੀ ਕਰਾਂ ?"

ਓਪਰੇ ਪੁਰਸ਼ ਨੇ ਉਸ ਵੱਲ ਗਹੁ ਨਾਲ ਵੇਖ ਕੇ ਆਖਿਆ, "ਰਾਜਾ ਮਾਇਆ ਦਾਸ ਅੱਜ ਤੂੰ ਕਲ ਕੋਲੋਂ ਸਿਆਣਾ ਹੈਂ, ਸ਼ੁਕਰ ਹੈ ਤਾਂ ਇਹ ਜੋ ਅਜੇ ਤੇਰਾ ਆਪਣਾ ਦਿਲ ਮਾਸ ਦੀ ਥਾਂ ਸੋਨੇ ਵਿੱਚ ਨਹੀਂ ਬਦਲ ਗਿਆ। ਜੇ ਕਦੇ ਇਹ ਹੋ ਗਿਆ ਹੁੰਦਾ ਤਾਂ ਤੇ ਕੋਈ ਆਸ ਨਾ ਰਹਿੰਦੀ। ਪਰ ਮੈਨੂੰ ਪਤਾ ਲਗਦਾ ਹੈ ਤੈਨੂੰ ਸਮਝ ਆ ਗਈ ਹੈ ਜੋ ਮਾਮੂਲੀ ਤੋਂ ਮਾਮੂਲੀ ਚੀਜ਼ਾਂ ਜਿਹੜੀਆਂ ਹਰ ਇਕ ਨੂੰ ਸਹਿਜੇ ਹੀ ਮਿਲ ਸਕਦੀਆਂ ਹਨ, ਉਸ ਸੋਨੇ ਤੋਂ ਹਜ਼ਾਰਾਂ ਗੁਣਾਂ ਵਧੇਰੇ ਕੀਮਤੀ ਹਨ, ਜਿਸ ਲਈ ਲੋਕੀ ਇਤਨਾ ਜਤਨ ਕਰਦੇ ਹਨ ਤੇ ਹਾਉਕੇ ਭਰਦੇ ਹਨ। ਫਿਰ ਹੁਣ ਦਸ ਕੀ ਸੱਚ ਮੁੱਚ ਹੀ ਤੂੰ ਇਸ ਸ਼ਕਤੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈਂ !"

ਮਾਇਆ ਦਾਸ ਨੇ ਹਾਉਕਾ ਭਰਦਿਆਂ ਹੋਇਆਂ ਉੱਤਰ ਦਿੱਤਾ, “ਰੱਬ ਦੇ ਵਾਸਤੇ ਮੈਨੂੰ ਇਸ ਤੋਂ ਬਚਾਓ !" ਇਸ ਵੇਲੇ ਇਕ ਮੱਖੀ ਉਸ ਦੇ ਨੱਕ ਤੇ ਆ ਬੈਠੀ, ਪਰ ਬੈਠਦਿਆਂ ਹੀ ਫ਼ਰਸ਼ ਤੇ ਆ ਡਿਗੀ ਕਿਉਂ ਜੋ ਉਹ ਵੀ ਸੋਨੇ ਦੀ ਹੋ ਗਈ ਸੀ। ਇਸ ਨੂੰ ਵੇਖ ਕੇ ਮਾਇਆ ਦਾਸ ਕੰਬਣ ਲੱਗ ਪਿਆ। ਓਪਰੇ ਪੁਰਸ਼ ਨੇ ਕਿਹਾ, “ਜੇ ਇਹੋ ਹੀ ਗੱਲ ਹੈ ਤਾਂ ਬਾਗ਼ ਦੇ ਲਾਗੇ ਵਗਦੀ ਨਦੀ ਵਿੱਚ ਝਟ ਪੱਟ ਜਾ ਕੇ ਛਾਲ ਮਾਰ, ਉਸੇ ਪਾਣੀ ਦਾ ਇਕ ਗੜਵਾ ਵੀ ਭਰ ਕੇ ਲੈ ਆ ਤੇ ਉਨ੍ਹਾਂ ਸਾਰੀਆਂ ਚੀਜ਼ਾਂ ਤੇ ਛਿੜਕ ਜਿਨ੍ਹਾਂ ਨੂੰ ਤੂੰ ਮੁੜ ਪਹਿਲੀ ਹਾਲਤ ਵਿੱਚ ਵੇਖਣਾ ਚਾਹੁੰਦਾ ਹੈਂ। ਜੇ ਤੂੰ ਸੱਚੇ ਦਿਲੋਂ ਪਸਚਾਤਾਪ ਕਰੇਂ ਤਾਂ ਸ਼ਾਇਦ ਰੱਬ ਤੇਰੀ ਆਸ ਪੂਰੀ ਕਰ ਦੇਵੇ।" ਮਾਇਆ ਦਾਸ ਨੇ ਸਿਰ ਨਿਵਾ ਕੇ ਆਖਿਆ, "ਸਤ

-੧੭੬-