ਪੰਨਾ:ਦਸ ਦੁਆਰ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ, ਅੱਜ ਮੇਰੇ ਬਿਨਾਂ ਉਸ ਦਾ ਹੋਰ ਕੋਈ ਨਹੀਂ ਸੀ, ਅੱਜ ਨਿੱਕਿਆਂ ਹੁੰਦਿਆਂ ਦੀ ਮੇਰੀ ਸਾਥਣ ਸੁਸ਼ੀਲਾ, ਜਿਸ ਦੇ ਨਾਲ ਮੈਂ ਕਦੇ ਪਤੀ ਪਤਨੀ ਦੀ ਖੇਡ ਖੇਡਦਾ ਹੁੰਦਾ ਸਾਂ, ਢੇਰ ਚਿਰ ਮਗਰੋਂ ਮੈਨੂੰ ਮਿਲੀ ਸੀ। ਵਿਆਹ ਦੀ ਭਾਈਚਾਰਕ ਕੈਦ ਨੇ ਮੈਨੂੰ ਉਸ ਤੋਂ ਵਿਛੋੜ ਦਿੱਤਾ ਸੀ, ਪਰ ਹੜ੍ਹ ਦੀਆਂ ਖ਼ੂਨੀ ਲਹਿਰਾਂ ਨੇ ਉਸ ਨੂੰ ਮੇਰੇ ਕੋਲ ਲਿਆ ਖੜਾ ਕੀਤਾ ਸੀ। ਅਸੀਂ ਉਸ ਵੇਲੇ ਦੋ ਅੱਡੋ ਅੱਡ ਮੂਰਤੀਆਂ ਸਾਂ, ਪਰ ਹੜ੍ਹ ਦੀ ਇਕੋ ਲਹਿਰ ਸਾਨੂੰ ਦੋਹਾਂ ਨੂੰ ਮੌਤ ਦੀ ਝੋਲੀ ਵਿਚ ਪਾ ਕੇ ਇਕ ਕਰ ਸਕਦੀ ਸੀ।

ਮੇਰਾ ਦਿਲ ਆਖਦਾ ਸੀ, ਰੱਬ ਕਰੇ ਕਿ ਉਹ ਲਹਿਰ ਕਦੇ ਨਾ ਆਵੇ ਤੇ ਸੁਸ਼ੀਲਾ ਆਪਣੇ ਪਤੀ ਨਾਲ ਸੁੱਖੀ ਸਾਂਦੀ ਜੀਵਨ ਬਤੀਤ ਕਰੇ। ਪਿਆਰਿਆਂ ਸਾਕਾਂ ਸਬੰਧੀਆਂ, ਧੀਆਂ ਪੁੱਤਰਾਂ ਵਿਚ ਲੱਖਾਂ ਵਰ੍ਹੇ ਜੀਂਵਦੀ ਰਹੇ। ਮੈਂ ਇਕੋ ਰਾਤ ਵਿਚ, ਹਾਂ ਜੀ ਇਕੋ ਖ਼ੂਨੀ ਰਾਤ ਵਿਚ ਹੀ ਸਦਾ ਦਾ ਸੁਖ ਪ੍ਰਾਪਤ ਕਰ ਲੀਤਾ ਸੀ। ਰਾਤ ਮੁਕ ਗਈ, ਹੜ੍ਹ ਥੰਮ ਗਿਆ ਤੇ ਅਸੀਂ ਦੋਵੇਂ ਮੂੰਹ ਖੋਲ੍ਹੇ ਬਿਨਾਂ, ਚੁਪ ਚੁਪੀਤੇ ਇਕ ਦੂਜੇ ਤੋਂ ਵਿਛੜੇ।

ਮੈਂ ਆਖਿਆ, ਇਹ ਠੀਕ ਹੈ ਕਿ ਮੈਂ ਨਾਜ਼ਰ, ਹੈਡ ਕਲਰਕ ਜਾਂ ਗੇਰੀ ਬਾਲਡੀ ਨਹੀਂ ਬਣ ਸਕਿਆ ਤੇ ਇਸ ਵੇਲੇ ਕੇਵਲ ਇਕ ਮਾਸਟਰ ਹਾਂ, ਪ੍ਰੰਤੂ ਇਸ ਇਕ ਰਾਤ ਨੇ ਮੇਰੇ ਜੀਵਨ ਨੂੰ ਸਦਾ ਲਈ ਸੁਖੀ ਬਣਾ ਦਿੱਤਾ ਹੈ ਤੇ ਮੇਰੇ ਸਾਹਮਣੇ ਕੁਦਰਤ ਨੇ ਕਿਤਨੇ ਹੀ ਦਫ਼ਤਰ ਖੋਲ੍ਹ ਰੱਖੇ ਹਨ। ਇਹ ਰਾਤ ਮੇਰੀ ਉਮਰ ਦੇ ਸਾਰੇ ਦਿਨਾਂ ਤੇ ਰਾਤਾਂ ਤੋਂ ਵਧੀਕ ਸੁਖਦਾਈ ਸੀ।


-੧੬-