ਪੰਨਾ:ਦਸ ਦੁਆਰ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਹੀਆਂ ਹਨ।

ਦੁੱਧ ਦਾ ਗਲਾਸ ਪਿਲਾ ਕੇ ਕੀਰਾਂ ਨੇ ਉਸ ਤੋਂ ਉਸ ਦਾ ਸਮਾਚਾਰ ਪੁਛਿਆ ਤੇ ਉਸ ਨੇ ਦੱਸਿਆ ਜੋ ਉਸ ਦਾ ਨਾਉਂ ਨੀਲਕੰਤਾ ਹੈ ਤੇ ਉਹ ਰਾਸਧਾਰੀਆਂ ਦੀ ਟੋਲੀ ਵਿਚੋਂ ਹੈ। ਉਹ ਨਾਲ ਦੇ ਪਿੰਡ ਰਾਸ ਪਾਉਣ ਲਈ ਆ ਰਹੇ ਸਨ, ਜਦੋਂ ਉਨ੍ਹਾਂ ਦੀ ਬੇੜੀ ਉਲਟ ਗਈ ਸੀ। ਉਸ ਨੂੰ ਕੁਝ ਪਤਾ ਨਹੀਂ ਸੀ ਜੋ ਉਸ ਦੇ ਸਾਥੀਆਂ ਨਾਲ ਕੀ ਬੀਤੀ, ਪਰ ਚੰਗਾ ਤਾਰੂ ਹੋਣ ਕਰ ਕੇ ਉਹ ਆਪ ਕੰਢੇ ਲੱਗ ਗਿਆ ਸੀ।

ਕੀਰਾਂ ਨੇ ਉਸ ਨੂੰ ਪਿਆਰ ਕੀਤਾ ਤੇ ਉਹ ਉਥੇ ਉਨ੍ਹਾਂ ਦੇ ਕੋਲੀ ਹੀ ਟਿਕ ਪਿਆ। ਸ਼ਰਤ ਨੇ ਵੀ ਇਸ ਖ਼ਆਲ ਨਾਲ ਉਸ ਦੇ ਇਸ ਸਮੇਂ ਆਉਣ ਨੂੰ ਚੰਗਾ ਸਮਝਿਆ ਜੋ ਉਸ ਦੀ ਵਹੁਟੀ ਦਾ ਜੀ ਪਰਚ ਜਾਵੇਗਾ ਤੇ ਕੁਝ ਸਮਾਂ ਹੋਰ ਉਹ ਇਥੇ ਰਹਿਣ ਤੇ ਰਾਜ਼ੀ ਹੋ ਜਾਵੇਗੀ। ਸੱਸ ਇਸ ਲਈ ਮੁੰਡੇ ਨੂੰ ਚਾਹੁਣ ਲੱਗ ਪਈ ਜੋ ਇਕ ਬ੍ਰਹਮਣ ਦੀ ਸੇਵਾ ਕਰ ਕੇ ਉਸ ਦੀ ਪ੍ਰਸੰਨਤਾ ਲੈਣ ਦਾ ਅਵਸਰ ਹੱਥ ਆ ਗਿਆ ਹੈ। ਨੀਲਕੰਤਾ ਖ਼ੁਸ਼ ਸੀ ਜੋ ਨਾ ਕੇਵਲ ਮੌਤ ਦੇ ਮੂੰਹੋਂ ਉਹ ਬੱਚ ਨਿਕਲਿਆ ਸੀ ਜਾਂ ਰਾਸਧਾਰੀ ਗੁਰੂ ਦੀ ਮਾਰ ਕੁੱਟ ਤੋਂ ਖਲਾਸੀ ਮਿਲੀ ਸੀ, ਸਗੋਂ ਸਾਰਿਆਂ ਕੋਲੋਂ ਵਧੀਕ ਉਸ ਨੂੰ ਖ਼ੁਸ਼ੀ ਇਸ ਗੱਲ ਦੀ ਸੀ ਜੋ ਇਕ ਅਮੀਰ ਘਰ ਵਿਚ ਥਾਂ ਮਿਲ ਗਈ ਸੀ। ਪਰੰਤੂ ਥੋੜ੍ਹੇ ਦਿਨਾਂ ਦੇ ਮਗਰੋਂ ਹੀ ਸ਼ਰਤ ਤੇ ਉਸ ਦੀ ਮਾਤਾ ਦੋਵੇਂ ਚਾਹੁਣ ਲੱਗ ਪਏ ਜੋ ਉਹ ਉਥੋਂ ਟੁਰ ਜਾਵੇ। ਕਾਰਨ ਇਹ ਸੀ ਜੋ ਨੀਲਕੰਤਾ ਦੀਆਂ ਆਦਤਾਂ ਉਨਾਂ ਨੂੰ ਚੰਗੀਆਂ ਨਾ ਲੱਗੀਆਂ। ਉਹ ਚੋਰੀ ਚੋਰੀ ਸ਼ਰਤ ਦੇ ਹੁਕੇ ਦੇ ਸੂਟੇ ਲਾਉਣ ਲੱਗ ਪਿਆ। ਮਾਲਕ ਦਾ ਰੇਸ਼ਮੀ ਛਾਤਾ ਵੱਸਦੀ ਬਾਰਸ਼ ਵਿਚ ਲਿਜਾ ਕੇ ਖ਼ਰਾਬ ਕਰ ਲੈ ਆਉਂਦਾ ਤੇ ਹਰ ਕਿਸੇ ਨਾਲ ਦੋਸਤੀ ਗੰਢਣ ਲੱਗ ਪਿਆ। ਇਨ੍ਹਾਂ ਤੋਂ ਛੁਟ ਉਸ ਨੇ ਇਕ ਕੁੱਤਾ ਵੀ ਰੱਖ

-੩੩-