ਪੰਨਾ:ਦਸ ਦੁਆਰ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋ ਅਚਨਚੇਤ ਪੋਰਸ਼ੀਆ ਦੀ ਨਜ਼ਰ ਆਪਣੇ ਪਤੀ ਦੀ ਉਂਗਲੀ ਤੇ ਜਾ ਪਈ। ਘਬਰਾ ਕੇ ਪੁਛਿਆ, “ਪ੍ਰਾਨ ਨਾਥ ਉਹ ਅੰਗੂਠੀ ਕਿਥੇ ਜੇ?"

ਬਸੈਨੀਊ ਸਹਿਮ ਗਿਆ, ਪ੍ਰੰਤੂ ਐਨਤੋਨੀਊ ਨੇ ਉੱਤਰ ਦਿਤਾ, "ਉਸ ਵਕੀਲ ਨੇ ਮੰਗ ਲੀਤੀ, ਇਹ ਤਾਂ ਦੇਣੀ ਨਹੀਂ ਸੀ ਚਾਹੁੰਦਾ ਪ੍ਰੰਤੂ ਉਹ ਨਰਾਜ਼ ਹੋ ਕੇ ਟੁਰ ਪਿਆ ਸੀ ਤੇ ਉਸ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਮੈਂ ਹੀ ਜ਼ੋਰ ਪਾ ਕੇ ਉਹ ਉਨ੍ਹਾਂ ਨੂੰ ਦਿਵਾ ਦਿਤੀ ਸੀ।" ਪੋਰਸ਼ੀਆ ਨੇ ਲਾਲ ਹੋ ਕੇ ਆਖਿਆ, "ਕਿਤਨੇ ਸ਼ੌਕ ਦੀ ਗੱਲ ਹੈ, ਜੋ ਮੇਰੇ ਕੋਲ ਜੀਂਂਵਦੇ ਜੀ ਇਸ ਤੋਂ ਨਾ ਵਿਛੜਨ ਦਾ ਪ੍ਰਣ ਕਰ ਗਏ ਸਨ, ਇਕ ਸਾਲ ਵੀ ਪੂਰਾ ਨਾ ਕੀਤਾ।"

ਬਸੈਨੀਊ ਦਾ ਦਿਲ ਭਰ ਆਇਆ, ਪ੍ਰੰਤੂ ਐਨਤੋਨੀਊ ਨੇ ਆਖਿਆ, “ਇਨ੍ਹਾਂ ਦਾ ਨਹੀਂ ਮੇਰਾ ਕਸੂਰ ਹੈ।”

ਇਹ ਸੁਣ ਕੇ ਪੋਰਸ਼ੀਆ ਨੇ ਇਕ ਅੰਗੂਠੀ ਐਨਤੋਨੀਊ ਨੂੰ ਦੇਂਦੇ ਹੋਏ ਆਖਿਆ, “ਲਓ ਜੀ, ਇਹ ਹੋਰ ਜੇ, ਆਪਣੇ ਮਿੱਤਰ ਨੂੰ ਦੇ ਕੇ ਸਮਝਾ ਛਡੋ ਕਿ ਸੰਭਾਲ ਕੇ ਰਖੇ। ਫਿਰ ਕਿਸੇ ਵਕੀਲ ਨੂੰ ਨਾ ਦੇ ਬੈਠੇ, ਇਹ ਵਕੀਲ ਲੋਕ ਬੜੇ ਚਲਾਕ ਹੁੰਦੇ ਹਨ!"

ਬਸੈਨੀਊ ਨੇ ਧਿਆਨ ਨਾਲ ਤਕ ਕੇ ਆਖਿਆ, "ਇਹ ਅੰਗੂਠੀ ਤਾਂ ਉਹ ਹੀ ਹੈ।"

ਪੋਰਸ਼ੀਆ ਨੇ ਆਖਿਆ, "ਤੇ ਫਿਰ ਉਹ ਵਕੀਲ ਕੌਣ ਸੀ?" ਹੁਣ ਤਾਂ ਵੇਖਣ ਤੇ ਉਨ੍ਹਾਂ ਨੂੰ ਸਾਫ ਮਲੂਮ ਹੋ ਗਿਆ ਜੋ ਇਹ ਪੋਰਸ਼ੀਆ ਹੀ ਸੀ, ਜੋ ਵਕੀਲ ਦੇ ਭੇਸ ਵਿਚ ਵੈਨਸ ਪੁਜ ਐਨਤੋਨੀਊ ਨੂੰ ਬਚਾ ਲਿਆਈ ਹੈ। ਇਸ ਭੇਤ ਦੇ ਖੁਲ੍ਹਣ ਤੇ ਦੋਹਾਂ ਮਿਤਰਾਂ ਦੀ ਖ਼ੁਸ਼ੀ ਦਾ ਅਨੁਮਾਨ ਹੋ ਸਕਦਾ ਹੈ। ਇਹ ਗਲਾਂਂ ਅਜੇ ਪਈਆਂ ਹੁੰਦੀਆਂ ਹੀ ਸਨ ਜੋ ਖਬਰ ਆ ਗਈ ਕਿ ਐਨਤੋਨੀਊ ਦੇ ਜਹਾਜ਼ ਸੁਖੀ ਸਾਂਦੀ ਪੁਜ ਗਏ ਹਨ ਤੇ ਬਿਉਪਾਰ ਵਿਚ ਉਸ ਨੂੰ ਢੇਰ ਲਾਭ ਹੋਇਆ ਹੈ।

-੭੮-