ਪੰਨਾ:ਦਿਲ ਹੀ ਤਾਂ ਸੀ.pdf/88

ਵਿਕੀਸਰੋਤ ਤੋਂ
(ਪੰਨਾ:ਦਿਲ ਤਾਂ ਹੀ ਸੀ.pdf/88 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਦਰਖਤ ਤੇ ਚੜ੍ਹ ਸਕਦੇ ਹਾਂ। ਤੁਸੀਂ ਹਰ ਕੁਝ ਨਾ ਕਰੋ ਸਿਰਫ ਮੇਰੇ ਲੱਕ ਨਾਲ ਜੱਫਾ ਪਾ ਲਉ ਅਤੇ ਮੈਂ ਪੱਗ ਦੇ ਆਸਰੇ ਅਗੇ ਵੱਧਦਾ ਹਾਂ।"

ਉਸ ਮੈਨੂੰ ਲੱਕੋਂ ਘੁਟ ਕੇ ਫੜ ਲਿਆ ਅਤੇ ਮੈਂ ਅਗੇ ਵੱਧਣ ਤੋਂ ਪਹਿਲਾਂ ਕਈ ਵੇਰ ਪੱਕੀ ਕੀਤੀ ਅਤੇ ਕਿਹਾ ਕਿਤੇ ਉਹ ਹੱਥ ਢਿੱਲੇ ਨਾ ਕਰ ਦੇਵੇ।

"ਨਹੀਂ ਤੁਸੀਂ ਫਿਕਰ ਨਾ ਕਰੋ।” ਉਸ ਉੱਤਰ ਦਿੱਤਾ ਪਰ ਮੈਂ ਤੱਰਬਕਿਆ ਹੋਇਆ ਸਾਂ, ਆਪਣੇ ਨਾਲ ਸਜਰੀ ਬੀਤੀ ਹੋਣੀ ਤੋਂ। ਮੈਂ ਸੋਚ ਰਿਹਾ ਸਾਂ, ਅਜੇ ਪਰਸੋਂ ਦੀ ਗੱਲ ਸੀ ਇੰਝ ਹੀ ਮੇਰੀ ਮਾਂ ਨੇ ਮੇਰੇ ਨਾਲ ਜੱਫਾ ਮਾਰਿਆ ਸੀ ਜਦੋਂ ਅਸੀਂ ਦੋਵੇਂ ਬੂਰੇ ਝੋਟੇ ਦੀ ਪੂਛ ਫੜ ਕੇ ਰੋਹੀ ਤੋਂ ਪਾਰ ਲੰਘਣ ਲੱਗੇ ਸਾਂ ਤੇ ਮਾਂ ਦੇ ਹੱਥ ਮੇਰੇ ਨਾਲੋਂ ਛੁਟ ਗਏ ਸਨ ਅਤੇ ਦੂਜੀ ਘੜੀ ਮੇਰੀ ਮਾਂ, ਮੇਰੀ ਪਿਆਰੀ ਮਾਂ! ਮੈਥੋਂ ਸਦਾ ਲਈ ਵਿੱਛੜ ਗਈ ਸੀ। ਖਵਰੇ ਅਜੇਹੀਆਂ ਕਿੰਨੀਆਂ ਪਿਆਰੀਆਂ ਮਾਵਾਂ ਆਪਣੇ ਪੁੱਤਾਂ ਤੋਂ ਵਿਛੜ ਗਈਆਂ ਹੋਣਗੀਆਂ ਅਤੇ ਕਿੰਨੇ ਪਿਆਰੇ ਪੁਤ ਆਪਣੀਆਂ ਮਾਵਾਂ ਤੋਂ? ਮੈਂ ਕਿੰਨੀ ਹੀ ਵੇਰ ਉਸ ਨੂੰ ਘੁਟ ਕੇ ਫੜਨ ਲਈ ਕਹਿੰਦਾ ਜਾ ਰਿਹਾ ਸਾਂ। ਹੁਣ ਮੈਂ ਪੱਗ ਦੇ ਆਸਰੇ ਅਗੇ ਵੱਧਣਾ ਸ਼ੁਰੂ ਕੀਤਾ। ਕੁਝ ਚਿਰ ਦੀ ਜਦੋ ਜਹਿਦ ਮਗਰੋਂ ਅਸੀਂ ਆਪਣੇ ਬਿਰਛ ਦੀਆਂ ਜੜ੍ਹਾਂ ਤੇ ਜਾ ਪੁਜੇ ਸਾਂ। ਅਸੀਂ ਪਾਲੇ ਨਾਲ ਕੰਬ ਰਹੇ ਸਾਂ। ਪਰ ਮੈਂ ਹੁਣ ਉਨਾ ਪਾਲਾ ਮਹਿਸੂਸ ਨਹੀਂ ਸਾਂ ਕਰ ਰਿਹਾ ਜਿੰਨਾਂ ਪਹਿਲਾਂ। ਹੁਣ ਮੈਨੂੰ ਨਿੱਘ ਸੀ ਆਪਣੀ ਏਸ ਕੀਤੀ ਦਾ ਜੋ ਮੈਂ ਉਸ ਦੀ ਜਾਨ ਬਚਾ ਲਈ, ਅਤੇ ਹੁਣ ਮੈਂ ਉਸਦੇ ਸਦਾ ਜੀਊਣ ਦੀ ਦੁਆ ਮੰਗ ਰਿਹਾ ਸਾਂ। ਦੁਆ ਮੰਗ ਰਿਹਾ ਸਾਂ ਉਸ ਸਾਰੀ ਲੋਕਾਈ ਦੀ ਜੋ ਉਸ ਵੇਲੇ ਡਬੂ ਪਾਣੀਆਂ ਵਿਚ ਗੋਤੇ ਖਾ ਰਹੀ ਸੀ।

- ੧੦੬ -