ਪੰਨਾ:ਦਿਲ ਹੀ ਤਾਂ ਸੀ.pdf/92

ਵਿਕੀਸਰੋਤ ਤੋਂ
(ਪੰਨਾ:ਦਿਲ ਤਾਂ ਹੀ ਸੀ.pdf/92 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਹਰ ਸਮੇਂ ਡੂੰਘੇ ਤੋਂ ਡੂੰਘੇ ਤੇਜ਼ ਤੋਂ ਤੇਜ਼ ਪਾਣੀ ਵੱਲ ਨੂੰ ਰੁਖ ਕਰੀ ਜਾ ਰਿਹਾ ਸਾਂ। ਸਾਹਮਣੇ ਰੁੜ੍ਹਦੀਆਂ ਲਾਸ਼ਾਂ ਨਜ਼ਰ ਆ ਰਹੀਆਂ ਸਨ। ਪਰ ਅਜੇ ਭੀ ਆਸ, ਤੇ ਪੱਕੀ ਦ੍ਰਿੜਤਾ ਸੀ ਕਿ ਕੋਈ ਟਿਕਾਣਾ ਜ਼ਰੂਰ ਮਿਲਣ ਵਾਲਾ ਹੈ। ਮੈਂ ਡੁਬ ਸਕਦਾ ਸਾਂ, ਪਰ ਹੁਣ ਮੈਂ ਨਹੀਂ ਡੁਬਾਂਗਾ ਇਸ ਮਾਸੂਮ ਜ਼ਿੰਦਗੀ ਦੇ ਕਾਰਨ। ਮੈਂ ਏਸ ਦੇ ਲਈ ਤਰਦਾ ਜਾ ਰਿਹਾ ਸਾਂ, ਇਹ ਜੋ ਕਿਸੇ ਦੀ ਨਿਸ਼ਾਨੀ ਸੀ।

"ਮੈਂ ਇਸ ਨੂੰ ਪਾਲਾਂਗਾ......ਪੜ੍ਹਾਵਾਂਗਾ ਆਉਣ ਵਾਲੇ ਸਾਇੰਸ ਦੇ ਜੁਗ ਵਿਚ ਪਤਾ ਨਹੀਂ ਇਹ ਕੋਈ ਵੱਡਾ ਸਾਇੰਸਦਾਨ ਬਣ ਜਾਵੇ, ਏਹਨਾਂ ਹੜਾਂ ਦੇ ਰੋਕਣ ਦਾ ਕੋਈ ਹੀਲਾ ਪੈਦਾ ਕਰ ਦੇਵੇ। ਕਿਉਂਕਿ ਇਹ ਆਪ ਏਹਨਾਂ ਹੜਾਂ ਵਿਚ ਜੰਮਿਆਂ ਹੈ, ਏਹਨਾਂ ਡੂੰਘੇ ਰੋੜ੍ਹੂ ਪਾਣੀਆਂ ਵਿਚ ਰੁੜ੍ਹਿਆ ਹੈ, ਹੜਾਂ ਨਾਲ ਆਈਆਂ ਤਬਾਹੀਆਂ ਇਸ ਨੂੰ ਕਦੇ ਨਹੀਂ ਭੁੱਲਣਗੀਆਂ। ਇਹ ਮੇਰੇ ਦੇਸ਼ ਦੀ ਦੌਲਤ ਹੈ। ਅਮਾਨਤ ਹੈ ਇਹ ਮੇਰੇ ਦੇਸ਼ ਦੀ......ਨਹੀਂ......ਨਹੀਂ ਇਹ ਸਾਰੀ ਦੁਨੀਆਂ ਦੀ ਦੌਲਤ ਹੈ। ਜੇ ਮੇਰੇ ਦੇਸ਼ 'ਚੋਂ ਹੜ ਰੁਕ ਜਾਣਗੇ ਤਾਂ ਸਾਰੀ ਦੁਨੀਆਂ 'ਚੋਂ ਰੁਕ ਜਾਣਗੇ।"

ਏਨੇ ਨੂੰ ਮੈਨੂੰ ਇਕ ਛੱਪਰ ਰੁੜਦਾ ਨਜ਼ਰ ਆਇਆ। ਮੈਂ ਕੁਝ ਹਿੰਮਤ ਕੀਤੀ ਉਸ ਤਕ ਪੁਜਣ ਦੀ, ਤੇ ਮੇਰੇ ਹੱਥ ਉਸ ਨੂੰ ਪੈ ਗਏ। ਮੈਂ ਵੇਖਿਆ ਉਸ ਉਤੇ ਇਕ ਕਾਲਾ ਕੁੱਤਾ, ਭੂਰੀ ਬਿੱਲੀ ਅਤੇ ਇਕ ਵੱਡਾ ਸਾਰਾ ਨਿਉਲਾ ਤਿੰਨੇ ਇਕ ਦੂਸਰੇ ਦੇ ਉਤੇ ਬੈਠੇ ਹੋਏ ਸਨ। ਮੈਂ ਇਹ ਚੰਗਾ ਨਾ ਜਾਣਿਆਂਂ ਕਿ ਮੈਂ ਏਹਨਾਂ ਦੀ ਥਾਂ ਮੱਲਕੇ ਏਹਨਾਂ ਨੂੰ ਰੁੜ੍ਹ ਜਾਣ ਲਈ ਛੱਡ ਦੇਵਾਂ। ਕੁਝ ਚਿਰ ਮੈਂ ਉਸ ਛੱਪਰ ਦੇ ਆਸਰੇ ਰੁੜ੍ਹਦਾ ਰਿਹਾ।

-੧੧੦-