ਪੰਨਾ:ਦਿਲ ਹੀ ਤਾਂ ਸੀ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀ ਨਹੀਂ ਲੈਂਦੀਆਂ। ਬ੍ਹੰਸਾ ਬਾਹਰੋਂ ਬਾਹਰ ਹੀ ਸਾਂਈ ਦੇ ਵਾੜੇ ਵਿਚ ਗਿਆ। ਉਹ ਬਕਰੀਆਂ ਚੋਣ ਡਿਹਾ ਹੋਇਆ ਸੀ। 'ਬ੍ਹੰਸੇ' ਨੂੰ ਵੇਖਕੇ ਕਹਿਣ ਲੱਗਾ “ਆ ਭਈ ਪੁੱਤਰਾ ਦੁੱਧ ਛੱਕ ਲੈ। ਰਾਤੀ ਸ਼ੇਰਾ ਵੰਝਲੀ ਸੁਣਨ ਨਾ ਆਇਓਂ, ਰਾਤ ਤੇ ਐਸਾ ਠਾਠ ਬੱਝਾ ਭਈ ਪੁਛ ਕੁਝ ਨਾ!"

“ਰਾਤੀਂ ਮੈਂ ਬਾਬੇ 'ਸੁੱਧੇ' ਕੋਲ ਬਾਤ ਸੁਣਦਾ ਸਾਂ। ਤੇ ਸਾਂਈ ਚਾਚਾ ਤੈਨੂੰ ਪਤਾ ਵੇ ਮੇਰੀ ਮਾਂ ਦੀ ਕਬਰ ਕਿੱਥੇ ਵੇ।"

"ਉਏ ਝੱਲਿਆ, ਆਪਣੀਆਂ ਮੜ੍ਹੀਆਂ ਹੁੰਦੀਆਂ ਨੇ ਕਿਉਂ ਕੀ ਗੱਲ? ਹੈਂ-? ਉਏ ਤੂੰ ਤੇ ਰੋਣ ਡਿਹਾ ਹੋਇਐਂ,ਚੁਪ ਕਰ ਸੂ ਝੱਲਾ ਨਾ ਹੋਵੇ ਤਾਂ" ਸਾਂਈ ਨੇ ਬ੍ਹੰਸੇ ਨੂੰ ਬੁਕਲ ਵਿਚ ਲੈਕੇ ਪਿਆਰ ਦੇਂਦਿਆ ਆਖਿਆ।

"ਸਾਂਈਂਂ ਚਾਚਾ, ਮੈਂ ਮੜ੍ਹੀ ਤੇ ਜ਼ਰੂਰ ਜਾਣਾ ਏਂ?"

"ਹਲਾ...ਹਲਾ.....ਫਿੱਕਰ ਨਾ ਕਰ ਮੈਂ ਹੁਣੇ ਆਹ ਦੋ ਕੁ ਬਕਰੀਆਂ ਚੋ ਲਵਾ ਤੇ ਆਪਾਂ ਅੱਜ ਮਾਲ ਹੀ ਉਧਰ ਛੇੜ ਲੈ ਚੱਲਾਂਗੇ। ਜਾਹ ਤੂੰ ਆਪਣਾ ਮਾਲ਼ ਛੱਪੜ ਚੋਂ ਕੱਢ ਲਿਆ ਤੇ ਮੈਂ ਬਕਰੀਆਂ ਛੇੜਕੇ ਤੈਨੂੰ ਉਚੀ ਪੁਲੀ ਕੋਲ ਮਿਲਨਾ।”

ਬ੍ਹੰਸੇ ਨੇ ਉਥੋਂ ਹੀ ਛੂਟ ਵੱਟ ਲਈ, ਛਪੜ ਤੇ ਆਇਆ ਵਿਚ ਵੜਕੇ ਮੱਝੀਆਂ ਬਾਹਰ ਕੱਢੀਆਂ। ਉਚੀ ਪੁਲੀ ਤੇ ਸਾਈਂ ਨਾਲ ਟਾਕਰਾ ਹੋਇਆ। ਦੋਵੇਂ ਮਾਲ ਛੇੜਕੇ ਮੜ੍ਹੀਆਂ ਵਿੱਚ ਪੁੱਜੇ ਤੇ ਸਾਈਂ ਨੇ ਬ੍ਹੰਸੇ ਨੂੰ ਨਾਲ ਲਿਜਾ ਕੇ ਉਹਨੂੰ ਉਹਦੀ ਮਾਂ ਦੀ ਮੜ੍ਹੀ ਵਖਾਲ ਦਿੱਤੀ। ਬ੍ਹੰਸਾ ਭੁਬੀਂਂ ਭੁਬੀਂਂ ਰੋ ਪਿਆ ਤੇ ਬੋਹੜੀਆਂ ਪਾਕੇ ਆਪਣੀ ਮੋਈ ਮਾਂ ਨੂੰ ਕਹਿਣ ਲੱਗਾ——

“ਮਾਂ......ਮਾਂ ਤੂੰ ਮੈਨੂੰ ਛੱਡਕੇ ਕਿੱਥੇ ਚਲੀ ਗਈ ਏਂ ਮਾਂ। ਮੇਰਾ ਬੁਰਾ ਹਾਲ ਈ ਮਾਂ। ਮੇਰੇ ਕੋਲ ਕੋਈ ਕਪੜਾ ਨਹੀਂ

- ੩੧ -