ਪੰਨਾ:ਦਿਲ ਹੀ ਤਾਂ ਸੀ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਫੇਰ ਕਰ ਦਿੱਤੀਆਂ ਨੇ ਰਾਈਟਰਾਂ ਵਾਲੀਆਂ ਗੱਲਾਂ ਸ਼ੁਰੂ" ਏਹ ਕਹਿਣ ਪਿਛੋਂ ਰਜਨੀ ਦੇ ਜਿਵੇਂ ਗੂੰਦ ਨਾਲ ਬੁਲ੍ਹ ਜੁੜ ਗਏ ਹੋਣ। ਲਾਗੇ ਮੇਜ਼ ਤੇ ਪਏ ਪਾਣੀ ਦੇ ਗਲਾਸ ਨੂੰ ਚੁਕ ਕੇ ਆਪਣੇ ਮੂੰਹ ਨਾਲ ਲਾਇਆ ਅਤੇ ਕਿੰਨਾਂ ਚਿਰ ਬਿਨਾਂ ਪਾਣੀ ਦਾ ਕੋਈ ਘੁਟ ਭਰਿਆਂ ਗਲਾਸ ਮੂੰਹ ਨਾਲ ਲਾਈ ਰੱਖਿਆ, ਜਿਵੇਂ ਉਸ ਗੂੰਦ ਨੂੰ ਬੁਲ੍ਹਾਂ ਨਾਲੋਂ ਲਾਹ ਰਹੀ ਹੋਵੇ ਫੇਰ ਅੱਖਾਂ ਮੀਟ ਕੇ ਕਹਿਣ ਲਗੀ,“ਸੁਤੀਸ਼ ਮੈਂ ਵੀ ਤੱਕਿਆ ਹੈ ਉਸ ਚਾਂਦੀ ਦੇ ਕਟੋਰੇ ਚੰਨ ਨੂੰ, ਉਸ ਵਿਚੋਂ ਚਾਂਦੀ ਬਣ ਵੱਗ ਟੁਰਦੀ ਚਾਨਣੀ ਨੂੰ। ਯਾਦ ਹਨ ਮੈਨੂੰ ਵੀ ਉਹ ਰੇਤਲੇ ਕੰਢਿਆਂ ਤੇ ਵਿਆਕੁਲ ਹੋ ਨ੍ਹਸਦੀਆਂ ਲਹਿਰਾਂ ਤੇ ਉਨ੍ਹਾਂ ਦਾ ਰੱਸਤੇ ਵਿਚਲਾ ਮੇਲ ਵੀ, ਮੈਨੂੰ ਵੀ ਪੈਂਡੇ ਪਈਆਂ ਮੁਹੱਬਤਾਂ ਪਿਆਰੀਆਂ ਨੇ ਪਰ ਮੈਂ ਕੁੜੀ ਹਾਂ ਸੁਤੀਸ਼, ਮੈਂ ਕੁੜੀ ਹਾਂ" ਇਨ੍ਹਾਂ ਆਖ਼ਰੀ ਲਫ਼ਜ਼ਾਂ ਨੂੰ ਦੁਹਰਾਂਦਿਆਂ ਹੋਇਆਂ ਉਸ ਆਪਣੀਆਂ ਅਖਾਂ ਖੋਲ੍ਹ ਲਈਆਂ ਅਤੇ ਇੱਕ ਵੇਰ ਫੇਰ ਸੁਤੀਸ਼ ਵੱਲਾਂ ਝੁੱਕ ਕੇ, ਘਰੋੜਕੇ ਬੋਲੀ, “ਮੈਂ ਕੁੜੀ ਹਾਂ ਸੁਤੀਸ਼" ਜਿਵੇਂ ਸੁਤੀਸ਼ ਕੁੜੀ ਸ਼ਬਦ ਤੋਂ ਅਣਜਾਣੂ ਹੋਵੇ ਅਤੇ ਜਿਵੇਂ ਰੱਜਨੀ ਸੁਤੀਸ਼ ਨੂੰ ਕੁੜੀ ਸ਼ਬਦ ਦੇ ਮਹਿਨੇ ਸਮਝਾ ਰਹੀ ਹੋਵੇ। ਉਹ ਮਹਿਨੇ ਜੋ ਉਹ ਆਪ ਸਮਝਦੀ ਹੈ। ਬੱਸ ਏਹੋ ਈ ਕਿ ਕੁੜੀ ਯਾਨੀ ਕੈਦਣੀ, ਜਾਂ ਗੁਲਾਮ, ਇੱਕ ਜ਼ਰ ਖਰੀਦ ਗੁਲਾਮ, ਨਹੀਂ, ਇੱਕ ਜੱਦੀ ਪੁਸ਼ਤੀ ਗੁਲਾਮ, ਜਿਸਨੂੰ ਉਸਦਾ ਬਾਪ ਵੇਚ ਸੱਕਦਾ ਹੈ, ਦਾਨ ਵਿੱਚ ਦੇ ਸੱਕਦਾ ਹੈ, ਆਪਣੇ ਤੇ ਹੋਏ ਕਿਸੇ ਦੇ ਅਹਿਸਾਨਾ ਦਾ ਬਦਲਾ ਚੁਕਾ ਸੱਕਦਾ ਹੈ। ਜਿਵੇਂ ਅੱਜ ਤੋਂ ਕੁਝ ਸਾਲ ਪਹਿਲੋਂ ਇੱਕ ਤੂੜੀ ਦੀ ਪੰਡ ਉਧਾਰੀ ਲਈ ਸੀ, ਉਹ ਮੋੜ ਦਿੱਤੀ। ਕੁੜੀ ਜੋ ਇੱਕ ਤੂੜੀ ਦੀ ਪੰਡ ਹੈ, ਬਰਾਬਰ ਹੈ ਇੱਕ ਕਪਾਹ ਦੀ ਫੁੱਟੀ ਦੇ, ਇਕ ਕਪਾਹ ਦੇ ਖੇਤ ਦੇ, ਬਰਾਬਰ ਹੈ ਇੱਕ ਗੁੜ ਦੀ ਰੋੜੀ ਦੇ

- ੫੮ -