ਪੰਨਾ:ਦੀਵਾ ਬਲਦਾ ਰਿਹਾ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇ ਬਗ਼ਾਵਤ ਲਈ ਪਰੇਰਿਆ ਜਾਂਦਾ ਹੈ, ਮਾਵਾਂ ਆਪਣੀਆਂ ਬੱਚੀਆਂ ਲਈ ਕਿਵੇਂ ਤੜਫ਼ਦੀਆਂ ਹਨ, ਕਿਵੇਂ ਰੰਗਦਾਰ ਧਾਗੇ ਰਿਸ਼ਤਿਆਂ ਨੂੰ ਬਦਲ ਦਿੰਦੇ ਹਨ, ਕਿਵੇਂ ਗ਼ਰੀਬ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਸਧਰਾਂ ਪੂਰੀਆਂ ਕਰਨ ਲਈ ਚੋਰੀ ਕਰਨੀ ਪੈਂਦੀ ਹੈ, ਕਿਵੇਂ ਬੱਚਿਆਂ ਨੂੰ ਲੋਕੀਂਂ ਮਾਰ ਸੁਟਦੇ ਹਨ ਤੇ ਕਿਵੇਂ ਲੋਕਾਂ ਨੂੰ ਰਾਹੇ ਪਾਉਣ ਵਾਲਾ ਸੂਝਵਾਨ ਦੁਖ ਵੇਲੇ ਆਪ ਹੀ ਮੜ੍ਹੀਆਂ ਪੂਜਣ ਲਈ ਮਜਬੂਰ ਹੋ ਜਾਂਦਾ ਹੈ।

ਸੋ ਦੀਪਕ ਨੂੰ ਮਾਂ ਦੀ ਮਮਤਾ, ਗ਼ਰੀਬੀ ਨਾਲ ਲਤਾੜੀਆਂ ਜਾ ਰਹੀਆਂ ਗ਼ਰੀਬਾਂ ਦੀਆਂ ਸਧਰਾਂ, ਮਨੁੱਖ ਦੀ ਬੇ-ਪਰਵਾਹੀ, ਇਸਤਰੀ ਦਾ ਸਿਦਕ, ਜੁਆਨਾਂ ਦੇ ਪਿਆਰ-ਵਲਵਲੇ, ਮਾਵਾਂ ਦੀਆਂ ਆਸ਼ਾਂ ਤੇ ਭਾਵੀ ਦੇ ਵਾਰਾਂ ਦਾ ਪੂਰਾ ਗਿਆਨ ਹੈ। ਢਾਂਚੇ ਉਸ ਨੇ ਕਈ ਭਾਂਤ ਦੇ ਵਰਤੇ ਹਨ। ਬਹੁਤ ਥਾਈਂ ਤਾਂ ਉਸ ਨੇ ਕਹਾਣੀ ਪਾਤਰ ਕੋਲੋਂ ਸੁਣਾਈ ਹੈ ਜਿਵੇਂ-'ਦੀਵਾ ਬਲਦਾ ਰਿਹਾ’, ‘ਜੇ ਦਰਦੀ ਹੋਂਦੋਂ ਤਾਂ'। ਕਿਤੇ ਪ੍ਰਸ਼ਨ ਉਤਰਾਂ ਨਾਲ ਕਹਾਣੀ ਉਸਾਰੀ ਹੈ, ਜਿਵੇਂ 'ਇਹ ਭੁੱਖੇ ਹੁੰਦੇ ਨੇ'। ਕਈ ਥਾਈਂ 'ਆਸ ਹੈ ਬਾਕੀ' ਵਾਂਗ ਨਾਟਕੀ ਢੰਗ ਨਾਲ ਕਹਾਣੀ ਵਾਪਰਦੀ ਦਸੀ ਹੈ। ਉਸ ਨੂੰ ਦੁਖਾਂਤਕ ਪਰਛਾਵੇਂ ਉਸਾਰਨ ਲਈ ਨਿਛਾਂ ਦਾ ਪਰਯੋਗ ਕਰਨ ਦੀ ਜੁਗਤੀ ਆਉਂਦੀ ਹੈ। ਬਹੁਤੀ ਥਾਈਂ ਇਤਿਹਾਸਕ ਤੇ ਨਾਟਕੀ ਦੋਹਾਂ ਢੰਗਾਂ ਨਾਲ ਕਹਾਣੀ ਵਿਚ ਅਨੋਖਾ ਰਸ ਉਸਾਰਿਆ ਹੈ। ਏਥੇ ਬਿਆਨ ਵੀ ਨਿਖਰ ਆਉਂਦਾ ਹੈ ਤੇ ਕਹਾਣੀ ਕਰਮਾਤਮਕ ਢੰਗ ਨਾਲ ਗਤੀ-ਸ਼ੀਲ ਹੋ ਜਾਂਦੀ ਹੈ।

ਅਰੰਭ ਲਗ ਪਗ ਹਰ ਕਹਾਣੀ ਦਾ ਚੰਗਾ ਤੇ ਕੀਲਣ ਵਾਲਾ ਹੈ, ਪਰ ਅੰਤ ਕਈ ਥਾਈਂ ਥਿੜਕਦਾ ਹੈ, ਜਿਸ ਨਾਲ ਕਹਾਣੀ ਵਿਚ

੧੦