ਪੰਨਾ:ਦੀਵਾ ਬਲਦਾ ਰਿਹਾ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂਦਾ ਅਤੇ ਨੋਟ ਕਰਦਾ ਰਹਿੰਦਾ ਅਤੇ ਲਾਇਬਰੇਰੀਅਨ ਦੀ ਨਜ਼ਰੋਂ ਜਾ ਕੇ ਆਪਣੇ ਮਤਲਬ ਦੀਆਂ ਕਈ ਖ਼ਾਲੀ ਅਸਾਮੀਆਂ ਦੇ ਇਸ਼ਤਿਹਾਰ ਪਿੰਨ ਨਾਲ ਪਾੜ ਕੇ ਲੈ ਆਉਂਦਾ ਅਤੇ ਘਰ ਆ ਕੇ ਫਾਈਲ ਵਿਚ ਰਖ ਦੇਂਦਾ।

ਰਮੇਸ਼ ਸਾਰਾ ਸਾਰਾ ਦਿਨ ਅਰਜ਼ੀਆਂ ਲਿਖਣ ਅਤੇ ਭੇਜਣ ਵਿਚ ਲਗਾ ਰਹਿੰਦਾ। ਰਾਤ ਨੂੰ ਉਹ ਸੁਫ਼ਨਿਆਂ ਦੀ ਸੁਹਣੀ ਦੁਨੀਆਂ ਦਾ ਅਨੰਦ ਮਾਣਦਾ..........

ਪਰ ਸ਼ਾਇਦ ਉਸ ਦੀਆਂ ਲੰਮੀਆਂ ਲੰਮੀਆਂ, ਕਈ ਕਈ ਘੰਟੇ ਲਾ ਕੇ ਲਿਖੀਆਂ ਸੁੰਦਰ ਅਰਜ਼ੀਆਂ ਕਿਸੇ ਨੇ ਨਾ ਪੜ੍ਹੀਆਂ। ਕਿਸੇ ਨੇ ਉਸ ਦੀ ਲਾਲ ਸਿਆਹੀ ਨਾਲ ਅੰਡਰਲਾਈਨ ਕੀਤੀ ਹੋਈ ਸੈਕਿੰਡ ਕਲਾਸ ਬੀ. ਏ. ਅਤੇ ਬੋਨਾਫ਼ਾਈਡ ਰਿਫ਼ਿਊਜੀ ਵਲ ਗਹੁ ਨਾ ਕੀਤਾ। ਇਕ ਦੋ ਥਾਵਾਂ ਤੋਂ ਉਸ ਨੂੰ ਇੰਟਰਵਿਊ-ਲੈਟਰ ਆਏ ਅਤੇ ਉਹ ਗਿਆ ਵੀ, ਪਰ ਅਗਲੀ ਹੀ ਭਲਕ ਉਹ ਡਿਗਰੀ ਲਪੇਟ ਕੇ ਨਿਰਾਸ ਘਰ ਮੁੜ ਆਉਂਦਾ ਰਿਹਾ।

ਪਰ ਸਵਾਸਾਂ ਦੀ ਹੋਂਦ ਨੇ ਆਸ਼ਾ ਦੀ ਤੰਦ ਨੂੰ ਨਾ ਛਡਿਆ। ਹਰ ਨਵੀਂ ਸਵੇਰ ਉਸ ਲਈ ਇਕ ਆਸ-ਚਿਣਗ ਲੈ ਕੇ ਆਉਂਦੀ। ਉਹ ਦਿਨ ਚੜ੍ਹਦਿਆਂ ਤੋਂ ਹੀ ਡਾਕੀਏ ਦਾ ਰਾਹ ਤੱਕਣ ਲਗ ਪੈਂਦਾ। ਹਰ ਰੋਜ਼ ਉਹ ਸੋਚਦਾ ਕਿ ਅੱਜ ਜ਼ਰੂਰ ਮੇਰੀ ਨੌਕਰੀ ਦੀ ਚਿੱਠੀ ਆਵੇਗੀ। ਦੁਰ ਜਦੋਂ ਗਲੀ ਦੇ ਮੋੜ ਤੇ ਡਾਕੀਆ ਨਜ਼ਰ ਆਉਂਦਾ ਤਾਂ ਰਮੇਸ਼ ਦਾ ਦਿਲ ਧਕ ਧਕ ਕਰਨ ਲਗ ਪੈਂਦਾ। ਡਾਕੀਆ ਆਉਂਦਾ ਅਤੇ ਸਾਮਣੇ ਜਾਂ ਨਾਲ ਦੇ ਘਰ ਖ਼ਤ ਸੁੱਟ ਕੇ ਵਾਪਸ ਪਰਤ ਜਾਂਦਾ। ਰਮੇਸ਼ ਉਂਜ ਹੀ ਭੁੱਖੀਆਂ ਅੱਖਾਂ ਨਾਲ ਉਸ ਵਲ ਤਕਦਾ ਰਹਿ ਜਾਂਦਾ।

ਦੀਵਾ ਬਲਦਾ ਰਿਹਾ

੭੩