ਪੰਨਾ:ਦੀਵਾ ਬਲਦਾ ਰਿਹਾ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਇਕ ਵਾਰੀ ਹੈਜ਼ੇ ਦੀ ਬੀਮਾਰੀ ਸਾਡੀ ਛਾਉਣੀ ਵਿਚ ਫੈਲ ਗਈ। ਗ਼ੌਰਮਿੰਟ ਨੇ ਰੋਕ ਥਾਮ ਲਈ ਬੜੇ ਉਪਰਾਲੇ ਕੀਤੇ, ਪਰ ਜਿਸ ਦੀ ਧੁਰੋਂ ਹੀ ਮੁਕ ਚੁਕੀ ਹੋਵੇ, ਉਸ ਲਈ ਸਭ ਹੀਲੇ ਵਿਅਰਥ ਹਨ। ਇਸੇ ਨਹਿਸ਼ ਬੀਮਾਰੀ ਨੇ ਮੇਰੇ ਘਰ ਵੀ ਹੁੰਝਾ ਫੇਰ ਕੇ ਉਥੇ ਸੁੰਨਸਾਨਤਾ ਦਾ ਰਾਜ਼ ਕਰ ਦਿੱਤਾ। ਮੇਰੀ ਜੀਵਨ-ਸਾਥਣ ਨੂੰ ਸਦਾ ਲਈ ਮੈਥੋਂ ਖੋਹ ਲਿਆ।

ਉਸ ਦੇ ਗੁਜ਼ਰ ਜਾਣ ਤੇ ਮੈਂ ਇਕ ਮਹੀਨੇ ਦੀ ਛੁੱਟੀ ਲੈ ਲਈ। ਅਫ਼ਸੋਸ ਤੇ ਉਦਾਸੀ ਵਿਚ ਇਕ ਦਿਨ ਮੈਂ ਬੈਠਾ ਹੋਇਆਂ ਕਿ ਡਾਕੀਆ ਮੈਨੂੰ ਇਕ ਚਿੱਠੀ ਦੇ ਗਿਆ। ਲਫ਼ਾਫ਼ੇ ਦੇ ਬਾਹਰ ਸਰਦਾਰ ਹੋਰਾਂ ਦਾ ਐਡਰੈਸ ਵੇਖ ਕੇ ਮੇਰੀ ਰਾਨੀ ਬਹੁਤ ਵੱਧ ਗਈ। ਹਰਾਨੀ ਵਿਚ ਹੀ ਮੈਂ ਲਫ਼ਾਫ਼ਾ ਖੋਲ੍ਹ ਕੇ ਚਿੱਠੀ ਪੜਨੀ ਸ਼ੁਰੂ ਕੀਤੀ:-

੬੩੨ ਕੰਪਨੀ ਈ. ਐਮ. ਈ.,

ਮਤ ੫੬ ਏ. ਪੀ. ਓ.

ਪਿਆਰੇ ਦੀਪ,

ਕਲੇਜਾ ਧੂਹ ਕੇ ਲੈ ਗਈ ਇਹ ਖ਼ਬਰ ਕਿ ਤੁਹਾਡੀ ਜੀਵਨ-ਸਾਥਣ ਅੱਧ-ਵਿਚਕਾਰ ਹੀ ਤੁਹਾਡਾ ਸਾਥ ਛੋੜ ਗਈ ਹੈ। ਕਿੰਨੀ ਦੇਰ ਨੂੰ ਆਪਣੇ ਕੰਨਾਂ ਤੇ ਹੀ ਵਿਸ਼ਵਾਸ ਨਾ ਆਇਆ। ਮੇਰੀਆਂ ਅੱਖਾਂ ਅੱਗੇ ਮੇਰੀ ਉਸ ਦੀ ਤਸਵੀਰ ਘੁੰਮ ਰਹੀ ਹੈ। ਮਰਨਾ ਤਾਂ ਕ ਦਿਨ ਸਾਰਿਆਂ ਨੇ ਹੈ, ਪਰ ਬੇ-ਵਕਤ ਮੌਤ ਦਾ ਸਦਮਾ ਨਿਰ-ਸੰਦੇਹ ਅਸਹਿ ਹੁੰਦਾ ਹੈ। ਮੈਂ ਸਮਝਦਾ ਹਾਂ ਕਿ ਇਸ ਵੇਲੇ ਜਦੋਂ ਕਿ "ਤੁਹਾਡੇ ਗ੍ਰਹਿਸਤ ਜੀਵਨ ਦਾ ਇਕ ਪੜਾ ਵੀ ਸਮਾਪਤ ਨਹੀਂ ਹੋਇਆ, ਮੇਰਾ ਤੁਹਾਨੂੰ ਸਮਝਾਉਣਾ ਬਿਰਥਾ ਹੈ, ਪਰ ਕੀ ਕੀਤਾ ਜਾ ਸਕਦਾ

ਦੀਵਾ ਬਲਦਾ ਹਾਂ

੮੯