ਪੰਨਾ:ਨਿਰਮੋਹੀ.pdf/191

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੫


ਨਿਰਮੋਹੀ

ਮੈਨੂੰ ਪਤਾ ਲੱਗਾ ਹੈ ਕਿ ਗਨੇਸ਼ ਗੰਜ ਰਹਿਨ ਵਾਲਾ ਜੁਗਿੰਦਰ ਅਜ ਕਲ ਤੁਸਾਂ ਪਾਸ ਟਿਕਿਆ ਹੋਇਆ ਏ। ਅਰ ਇਹ ਕਾਰਸਤਾਨੀ ਵੀ ਉਸੇ ਦੀ ਹੈ। ਕਿਉਂਕਿ ਇਕ ਉਹੋ ਆਦਮੀ ਹੈ ਜੋ ਮੈਨੂੰ ਫੁਸਲਾਨ ਦੀ ਕੋਸ਼ਸ਼ ਕਰਦਾ ਪਿਆ ਸੀ। ਤੇ ਜਦੋਂ ਮੈਂ ਉਸਦੀ ਚਾਲ ਵਿਚ ਨਾ ਆਈ ਤਾਂ ਉਸਨੇ ਮੇਰੀ ਜਿੰਦਗੀ ਬਰਬਾਦ ਕਰਨ ਦੀ ਠਾਨ ਲੀਤੀ।

ਪਰ, ਮੇਰੇ ਸਵਾਮੀ, ਤੁਸੀਂ ਪੜੇ ਲਿਖੇ ਚੰਗੇ ਸਮਝਦਾਰ ਹੋ ਕੇ ਵੀ ਉਸ ਦੇ ਪੰਜੇ ਵਿਚ ਫਸ ਗਏ। ਮੇਰਾ ਅੰਦਾਜ਼ਾ ਗਲਤ ਨਹੀਂ ਹੋ ਸਕਦਾ। ਇਹ ਸਭ ਉਸ ਦੀ ਅਗ ਲਾਈ ਏ, ਕਿਉਂ ਕਿ ਜਦੋਂ ਤੋਂ ਇਹ ਉਲਟ ਪੁਲਟ ਹੋ ਰਿਹਾ ਏ ਉਸੇ ਦਿਨ ਤੋਂ ਜਗਿੰਦਰ ਏਥੋਂ ਗਾਇਬ ਏ।ਇਸ ਦੀ ਮੈਂ ਚੰਗੀ ਤਰਾਂ ਪੜਤਾਲ ਕਰ ਚੁਕੀ ਆਂ।

ਮੇਰੀ ਜਿੰਦਗੀ ਰੂਪੀ ਕਿਸ਼ਤੀ ਦੇ ਖੇਵਨ ਹਾਰ, ਕੀ ਇਨ੍ਹਾਂ ਸਭ ਗਲਾਂ ਦਾ ਉਤਰ ਦੇ ਕੇ ਮੇਰੀ ਬਿਰਹਾ ਵਿਚ ਸੜ ਰਹੀ ਜਿੰਦਗੀ ਤੇ ਸ਼ਾਂਤੀ ਦਾ ਮੀਹ ਨਾ ਬਰਸਾਉਗੇ?

ਇਕ ਵਾਰੀ ਤਾਂ ਜਰੂਰ ਆਓ, ਸਵਾਮੀ। ਇਹ ਮੇਰੀ ਆਖਰੀ ਬੇਨਤੀ ਹੈ। ਤੁਸਾਂ ਦੀ ਯਾਦ ਵਿਚ ਜਲ ਜਲ ਕੇ ਮੈਂ ਆਪਨਾ ਖੂਨ ਵੀ ਸੁਕਾ ਚੁਕੀ ਹਾਂ, ਨਾਥ। ਬਿਮਾਰੀ ਦੀ ਹਾਲਤ ਵਿਚ ਮੇਰੇ ਹਥ ਵੀ ਏਨੇ ਕਮਜ਼ੋਰ ਹੋ ਚੁਕੇ ਹਨ, ਕਿ ਮੈਂ ਹੋਰ ਜਿਆਦਾ ਲਿਖ ਵੀ ਨਹੀਂ ਸਕਦੀ। ਜੇ ਸਮਝੋ ਤਾਂ ਏਨਾ ਈ ਬਹੁਤ ਹੈ। ਮੈਨੂੰ ਉਮੀਦ ਹੈ ਕਿ ਮੇਰੀ ਆਖਰੀ ਵਾਰ ਸੂਰਤ ਦੇਖਨ ਤੁਸੀਂ ਜਰੂਰ ਆਉਗੇ।

ਆਪ ਦੀ ਚਰਨ ਦਾਸੀ
'ਮਾਲਾ